ਕੰਡਕਟਰ ਤੋਂ ਪਹਿਲਾਂ ਹੀ ਸਵਾਰੀਆਂ ਦੀ ਟਿਕਟ ਕੱਟ ਗਿਆ ਠੱਗ

11/11/2017 3:05:38 AM

ਪੱਟੀ, (ਸੌਰਭ)- ਬੱਸ ਅੱਡਾ ਪੱਟੀ ਵਿਖੇ ਰੋਡਵੇਜ਼ ਦੀ ਬੱਸ 'ਚ ਬੈਠੀਆਂ ਸਵਾਰੀਆਂ 'ਚੋਂ ਕੁਝ ਸਵਾਰੀਆਂ ਉਸ ਵੇਲੇ ਠੱਗੀ ਦਾ ਸ਼ਿਕਾਰ ਹੋ ਗਈਆਂ, ਜਦੋਂ ਕੰਡਕਟਰ ਤੋਂ ਪਹਿਲਾਂ ਹੀ ਇਕ ਠੱਗ ਕੰਡਕਟਰ ਬਣ ਕੇ ਸਵਾਰੀਆਂ ਤੋਂ 200 ਰੁਪਏ ਦੀ ਠੱਗੀ ਮਾਰ ਕੇ ਰਫੂਚੱਕਰ ਹੋ ਗਿਆ। 
 ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਇਕ ਬੱਸ ਜੋ ਪੱਟੀ ਤੋਂ ਵਾਇਆ ਅੰਮ੍ਰਿਤਸਰ-ਜਲੰਧਰ ਤੋਂ ਚੰਡੀਗੜ੍ਹ ਜਾਣ ਲਈ ਬੱਸ ਅੱਡਾ ਪੱਟੀ ਵਿਖੇ ਖੜ੍ਹੀ ਸੀ, 'ਚ ਇਕ ਵਿਅਕਤੀ ਚੜ੍ਹਿਆ ਤੇ ਕਹਿਣ ਲੱਗਾ ਕਿ ਅੰਮ੍ਰਿਤਸਰ ਜਾਣ ਵਾਲੇ ਟਿਕਟਾਂ ਕਟਵਾ ਲਉ, ਜਿਸ 'ਤੇ ਦੋ ਸਵਾਰੀਆਂ ਨੇ 100-100 ਰੁਪਏ ਦੇ ਕੇ ਅੰਮ੍ਰਿਤਸਰ ਦੀਆਂ ਟਿਕਟਾਂ ਦੀ ਮੰਗ ਕੀਤੀ ਤਾਂ ਉਹ ਟਿਕਟਾਂ ਲਿਆ ਕੇ ਦੇਣ ਦੇ ਬਹਾਨੇ ਬੱਸ 'ਚੋਂ ਚਲਾ ਗਿਆ। ਥੋੜ੍ਹੀ ਦੇਰ ਬਾਅਦ ਬੱਸ ਚੱਲਣ ਤੋਂ ਪਹਿਲਾਂ ਬੱਸ ਦਾ ਕੰਡਕਟਰ ਰਵੀ ਸ਼ੰਕਰ ਥੈਲੇ ਸਮੇਤ ਬੱਸ 'ਚ ਟਿਕਟਾਂ ਕੱਟਣ ਲੱਗ ਪਿਆ ਅਤੇ ਉਕਤ ਸਵਾਰੀਆਂ ਨੂੰ ਟਿਕਟ ਲੈਣ ਲਈ ਕਿਹਾ ਤਾਂ ਉਹ ਦੰਗ ਰਹਿ ਗਈਆਂ ਤੇ ਦੱਸਿਆ ਕਿ ਇਕ ਵਿਅਕਤੀ ਸਾਡੇ ਕੋਲੋਂ ਟਿਕਟ ਕੱਟਣ ਲਈ 100-100 ਰੁਪਏ ਲੈ ਗਿਆ ਹੈ। ਅਖੀਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਉਕਤ ਸਵਾਰੀਆਂ ਨੇ ਦੁਬਾਰਾ ਪੈਸੇ ਖਰਚ ਕੇ ਟਿਕਟਾਂ ਕਟਵਾ ਲਈਆਂ।