ਪੈਸੇ ਲੈ ਕੇ ਨਹੀਂ ਦਿੱਤੀ ਬਿਊਟੀ ਸਰਵਿਸ, ਸੈਲੂਨ ਨੂੰ 10 ਹਜ਼ਾਰ ਹਰਜ਼ਾਨਾ

12/07/2018 3:03:19 PM

ਚੰਡੀਗੜ੍ਹ (ਰਾਜਿੰਦਰ) : ਪੈਸੇ ਲੈ ਕੇ ਬਿਊਟੀ ਸੇਵਾਵਾਂ ਨਾ ਦੇਣਾ ਸੈਲੂਨ ਨੂੰ ਮਹਿੰਗਾ ਪੈ ਗਿਆ ਹੈ।  ਖਪਤਕਾਰ ਫੋਰਮ ਨੇ ਸੈਲੂਨ ਨੂੰ 600 ਰੁਪਏ ਰਿਫੰਡ ਕਰਨ  ਦੇ ਨਾਲ ਹੀ ਸੇਵਾ 'ਚ ਕੋਤਾਹੀ ਲਈ 5 ਹਜ਼ਾਰ ਰੁਪਏ ਮੁਆਵਜ਼ਾ ਤੇ 5 ਹਜ਼ਾਰ ਰੁਪਏ ਮੁਕੱਦਮਾ ਖਰਚ ਵੀ ਦੇਣ  ਦੇ ਨਿਰਦੇਸ਼ ਦਿੱਤੇ ਹਨ। ਹੁਕਮ ਦੀ ਕਾਪੀ ਮਿਲਣ 'ਤੇ 30 ਦਿਨਾਂ ਦੇ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ। ਇਹ  ਹੁਕਮ ਜ਼ਿਲਾ ਖਪਤਕਾਰ ਫੋਰਮ-2 ਨੇ ਸੁਣਵਾਈ ਦੌਰਾਨ ਜਾਰੀ ਕੀਤੇ।  
ਨਵਾਂਗਰਾਉਂ ਆਦਰਸ਼ ਨਗਰ ਨਿਵਾਸੀ ਆਭਾ ਨੇ ਫੋਰਮ 'ਚ ਐੱਮ. ਐੱਸ. ਨਾਜ਼ ਐਂਡ ਟ੍ਰੇਨਿੰਗ ਸੈਂਟਰ,  ਸੈਕਟਰ-20 ਡੀ ਚੰਡੀਗੜ੍ਹ ਖਿਲਾਫ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਕਿਹਾ ਕਿ ਆਪੋਜ਼ਿਟ ਪਾਰਟੀ ਨੇ ਉਨ੍ਹਾਂ ਨੂੰ ਅਪ੍ਰੋਚ ਕੀਤਾ ਤੇ 8 ਫਰਵਰੀ 2018 ਨੂੰ 600 ਰੁਪਏ  ਦੇ ਭੁਗਤਾਨ ਤੋਂ ਬਾਅਦ ਉਸ ਨੂੰ ਸਪੈਸ਼ਲ ਆਫਰ ਕਾਰਡ ਜਾਰੀ ਕੀਤਾ। ਇਸ ਕਾਰਡ ਬਦਲੇ ਸੈਲੂਨ ਵੱਲੋਂ ਸ਼ਿਕਾਇਤਕਰਤਾ ਨੂੰ ਕਈ ਬਿਊਟੀ ਸੇਵਾਵਾਂ ਮੁਹੱਈਆ ਕੀਤੀਆਂ ਜਾਣੀਆਂ ਸਨ। ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਸ਼ਿਕਾਇਤਕਰਤਾ 27 ਮਈ 2018 ਨੂੰ ਸੈਲੂਨ 'ਚ ਗਈ ਜਿਥੇ ਉਨ੍ਹਾਂ ਨੂੰ ਇਸ ਲਈ ਪਹਿਲਾਂ ਤੋਂ ਅਪੁਆਇੰਟਮੈਂਟ ਲੈਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਦੁਬਾਰਾ 6 ਜੂਨ 2018 ਨੂੰ ਸੈਲੂਨ ਨਾਲ ਸੰਪਰਕ ਕੀਤਾ ਤੇ 11 ਜੂਨ 2018 ਲਈ ਅਪੁਆਇੰਟਮੈਂਟ ਬੁੱਕ ਕਰਨ ਦੀ ਅਪੀਲ ਕੀਤੀ ਪਰ ਅਪੁਆਇੰਟਮੈਂਟ ਬੁੱਕ ਕਰਨ ਦੀ ਥਾਂ ਸੈਲੂਨ ਵੱਲੋਂ ਉਨ੍ਹਾਂ ਨੂੰ ਸਾਫ਼ ਹੀ ਇਹ ਸੇਵਾਵਾਂ ਮੁਹੱਈਆ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਉਨ੍ਹਾਂ ਨੇ ਇਸ ਕਾਰਡ ਦੇ ਅੰਡਰ ਸੇਵਾਵਾਂ ਦੇਣਾ ਬੰਦ ਕਰ ਦਿੱਤਾ ਹੈ। 
ਸ਼ਿਕਾਇਤਕਰਤਾ ਨੇ ਆਪੋਜ਼ਿਟ ਪਾਰਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਪੈਸ਼ਲ ਵੈਲਿਊ ਸਕੀਮ 9 ਮਹੀਨੇ ਲਈ ਵੈਲਿਡ ਹੈ, ਇਸ ਲਈ ਉਹ 7 ਨਵੰਬਰ 2018 ਤਕ ਸੇਵਾਵਾਂ ਮੁਹੱਈਆ ਕਰਨ ਲਈ ਵਚਨਬੱਧ ਹੈ ਪਰ ਬਾਵਜੂਦ ਇਸ ਦੇ ਸੈਲੂਨ ਨੇ ਉਨ੍ਹਾਂ ਨੂੰ ਇਸ ਕਾਰਡ 'ਤੇ ਕੋਈ ਵੀ ਸੇਵਾ  ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਕਈ ਵਾਰ ਸ਼ਿਕਾਇਤਕਰਤਾ ਸੈਲੂਨ 'ਚ ਗਈ  ਪਰ ਨਾ ਤਾਂ ਉਸ ਨੂੰ ਸੇਵਾ  ਮੁਹੱਈਆ ਕੀਤੀ ਗਈ ਤੇ ਨਾ ਹੀ ਰਾਸ਼ੀ ਵਾਪਸ ਕੀਤੀ ਗਈ ਜਿਸ ਤੋਂ ਬਾਅਦ ਹੀ ਸ਼ਿਕਾਇਤਕਰਤਾ ਨੇ ਇਸ ਸਬੰਧੀ ਫੋਰਮ 'ਚ ਸ਼ਿਕਾਇਤ ਦਿੱਤੀ, ਉਥੇ ਹੀ ਆਪੋਜ਼ਿਟ ਪਾਰਟੀ ਨੇ ਫੋਰਮ 'ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੇਵਾ 'ਚ ਕੋਤਾਹੀ ਨਹੀਂ ਵਰਤੀ।   
 

Babita

This news is Content Editor Babita