ਜਾਇਦਾਦ ਲਈ ਖੂਨ ਦੇ ਰਿਸ਼ਤੇ ਹੋਏ ਪਾਣੀ, ਚਾਚੇ ਨੇ ਤਲਾਕਸ਼ੁਦਾ ਭਤੀਜੀ ਦਾ ਕਰ ਦਿੱਤਾ ਅਜਿਹਾ ਹਾਲ

09/17/2017 10:00:36 AM

ਸੁਲਾਤਨਪੁਰ ਲੋਧੀ ( ਤਿਲਕਰਾਜ) — ਪਿੰਡ ਕੜਾਲ ਕਲਾ ਖੁਰਦ ਦੀ ਤਲਾਕਸ਼ੁਦਾ ਮਹਿਲਾ ਤੋਂ ਆਪਸੀ ਰੰਜਿਸ਼ 'ਚ ਉਸ ਦੇ ਚਾਚੇ ਵਲੋਂ ਕੁੱਟਮਾਰ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਇਲਾਜ ਅਧੀਨ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਨਕੋਦਰ 'ਚ ਹੋਇਆ ਸੀ ਪਰ ਉਸ ਦਾ ਤਲਾਕ ਹੋ ਚੁੱਕਾ ਹੈ, ਹੁਣ ਉਹ ਆਪਣੇ ਪਿਤਾ ਦੇ ਮਕਾਨ 'ਚ ਰਹਿ ਰਹੀ ਹੈ।
ਬੀਤੇ ਦਿਨ ਉਹ ਦੁਕਾਨ ਤੋਂ ਘਰ ਆ ਰਹੀ ਸੀ ਤਾਂ ਉਸ ਦੇ ਚਾਚੇ ਜਸਪਾਲ ਤੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਉਸ ਦੀ ਸਹੇਲੀ ਨੇ ਉਸ ਨੂੰ ਸਿਵਲ ਹਸਪਤਾਲ ਸੁਲਾਤਨਪੁਰ ਲੋਧੀ 'ਚ ਦਾਖਲ ਕਰਵਾਇਆ। ਇਸ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਪੀੜਤ ਸੁਖਵਿਦੰਰ ਕੌਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜੋ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ।  ਪੀੜਤਾ ਨੇ ਦੱਸਿਆ ਕਿ ਉਸ ਦੇ ਨਾਲ ਉਸ ਦੇ ਚਾਚੇ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਕੁੱਟਮਾਰ ਕੀਤੀ ਸੀ ਤੇ ਇਨ੍ਹਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਮਗਰੋ ਉਨ੍ਹਾਂ ਨੇ ਜਮਾਨਤ ਕਰਵਾ ਲਈ ਸੀ। ਉਸ ਨੇ ਦੱਸਿਆ ਕਿ ਉਸ ਦਾ ਚਾਚਾ ਉਸ ਨੂੰ ਇਥੋਂ ਡਰਾ-ਧਮਕਾ ਕੇ ਭਜਾ ਦੇਣਾ ਚਾਹੁੰਦਾ ਹੈ ਤੇ ਉਸ ਦੀ ਜਾਇਦਾਦ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ।