ਹੌਲਦਾਰ ਤੇ ਮਰੀਜ਼ ਦੇ ਰਿਸ਼ਤੇਦਾਰ ਵਿਚਕਾਰ ਹੱਥੋਪਾਈ, ਹਸਪਤਾਲ ''ਚ ਹੜਕੰਪ

09/04/2018 4:28:23 PM

ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੇ ਸੈਕਟਰ-16 'ਚ ਸਥਿਤ ਸਰਕਾਰੀ ਹਸਪਤਾਲ 'ਚ ਹੌਲਦਾਰ ਤੇ ਮਰੀਜ਼ ਦੇ ਰਿਸ਼ਤੇਦਾਰ ਵਿਚਕਾਰ ਹੱਥੋਪਾਈ ਹੋ ਗਈ। ਦੋਹਾਂ ਨੂੰ ਹੱਥੋਪਾਈ ਹੁੰਦੇ ਦੇਖ ਹਸਪਤਾਲ 'ਚ ਭੱਜ-ਦੌੜ ਮਚ ਗਈ, ਜਿਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਹੌਲਦਾਰ ਨਾਲ ਹੱਥੋਪਾਈ ਕਰਨ ਵਾਲੇ ਸੈਕਟਰ-25 ਵਾਸੀ ਪਰਦੀਪ ਨੂੰ ਰਾਊਂਡਅਪ ਕਰ ਲਿਆ। ਫਿਲਹਾਲ ਪੁਲਸ ਨੇ ਪਰਦੀਪ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪਰਦੀਪ ਦੇ ਭਰਾ ਕਪਤਾਨ ਨੇ ਦੋਸ਼ ਲਾਇਆ ਕਿ ਉਸ ਦਾ ਭਰਾ ਲਾਈਨ 'ਚ ਖੜ੍ਹਾ ਸੀ ਤਾਂ ਪਿੱਛਿਓਂ ਹੌਲਦਾਰ ਆਇਆ ਤੇ ਐਂਟਰੀ ਕਰਾਉਣ ਲੱਗਾ। ਪਰਦੀਪ ਨੇ ਜਦੋਂ ਵਿਰੋਧ ਕੀਤਾ ਤਾਂ ਹੌਲਦਾਰ ਬਦਸਲੂਕੀ ਅਤੇ ਹੱਥੋਪਾਈ ਕਰਨ ਲੱਗ ਪਿਆ, ਜਿਸ ਤੋਂ ਬਾਅਦ ਕਈ ਪੁਲਸ ਵਾਲਿਆਂ ਨੇ ਉਸ ਨੂੰ ਮਾਰਿਆ ਤੇ ਕੁੱਟਦੇ ਹੋਏ ਸੈਕਟਰ-17 ਥਾਣੇ ਲੈ ਗਏ। 
ਲੋਕਾਂ ਨੇ ਦੱਸੀ ਪੁਲਸ ਦੀ ਦਾਦਾਗਿਰੀ
ਲਾਈਨ 'ਚ ਲੱਗੀ ਰਾਜਬੀਰ ਕੌਰ ਨੇ ਦੱਸਿਆ ਕਿ ਹੌਲਦਾਰ ਜ਼ਬਰਦਸਤੀ ਲਾਈਨ 'ਚ ਵੜ ਗਿਆ ਸੀ ਤੇ ਜਦੋਂ ਪਰਦੀਪ ਨੇ ਵਿਰੋਧ ਕੀਤਾ ਤਾਂ ਉਸ ਦੇ ਨਾਲ ਪੁਲਸ ਵਾਲਿਆਂ ਨੇ ਹੱਥੋਪਾਈ ਕੀਤੀ, ਜਿਸ ਤੋਂ ਬਾਅਦ ਉਸ ਨੂੰ ਮਾਰਦੇ-ਕੁੱਟਦੇ ਹੋਏ ਗੱਡੀ 'ਚ ਪਾ ਕੇ ਥਾਣੇ ਲੈ ਗਏ। ਇਸ ਗੱਲ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਪੁਲਸ ਆਪਣੀ ਦਾਦਾਗਿਰੀ ਦਿਖਾ ਰਹੀ ਹੈ, ਜੋ ਕਿ ਪੁਲਸ ਨੂੰ ਸ਼ੋਭਾ ਨਹੀਂ ਦਿੰਦਾ।
ਕੀ ਕਹਿਣੈ ਹੌਲਦਾਰ ਦਾ
ਦੂਜੇ ਪਾਸੇ ਹੌਲਦਾਰ ਰਾਮਬੀਰ ਨੇ ਦੱਸਿਆ ਕਿ ਸੈਕਟਰ-16 ਹਸਪਤਾਲ ਪੁਲਸ ਪੋਸਟ 'ਤੇ ਤਾਇਨਾਤ ਹੈ। ਡਿਊਟੀ ਦੌਰਾਨ ਸੜਕ ਹਾਦਸੇ 'ਚ ਜ਼ਖਮੀ ਹੋਇਆ ਇਕ ਵਿਅਕਤੀ ਆਇਆ, ਜਿਸ ਦੇ ਇਲਾਜ ਲਈ ਸੀ. ਆਰ. ਨੰਬਰ ਲਾਉਣਾ ਜ਼ਰੂਰੀ ਸੀ। ਪਰਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ ਤਾਂ ਉਸ ਨੇ ਬਦਸਲੂਕੀ ਕੀਤੀ ਅਤੇ ਹੱਥੋਪਾਈ ਕੀਤੀ। ਸਿਰਫ ਇੰਨਾ ਹੀ ਨਹੀਂ, ਪਰਦੀਪ ਨੇ ਉਸ ਦੀ ਵਰਦੀ ਵੀ ਫਾੜ੍ਹ ਦਿੱਤਾ, ਜਿਸ ਤੋਂ ਬਾਅਦ ਇਸ ਦੀ ਸੂਚਨਾ ਆਲਾ ਅਧਿਕਾਰੀਆਂ ਨੂੰ ਦਿੱਤੀ ਗਈ।