ਡਰਾਈਵਰ ਨਾਲ ਕੁੱਟਮਾਰ ਕਰਨ ਦੇ ਮਾਮਲੇ ''ਚ 2 ਖਿਲਾਫ ਮਾਮਲਾ ਦਰਜ

03/28/2018 2:35:24 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਚੰਡੀਗੜ੍ਹ ਕਲੋਨੀ ਨਜ਼ਦੀਕ ਮੰਗਲਵਾਰ ਸ਼ਾਮ ਇਕ ਟਰੱਕ ਚਾਲਕ ਨੂੰ ਜ਼ਖਮੀ ਕਰਕੇ ਨਕਦੀ ਖੋਹਣ ਵਾਲੇ ਦੋ ਵਿਆਕਤੀਆਂ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਚੋਰੀ ਅਤੇ ਕੁੱਟਮਾਰ ਦਾ ਸ਼ਿਕਾਰ ਹੋਏ ਹਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਗੁਰੂ ਤੇਗ ਬਹਾਦਰ ਨਗਰ, ਟਿੱਬੀ ਫਗਵਾੜਾ ਦੇ ਬਿਆਨ ਦੇ ਆਧਾਰ 'ਤੇ ਅਜੇ ਕੁਮਾਰ ਪੁੱਤਰ ਵਿਜੇ ਕੁਮਾਰ ਨਿਵਾਸੀ ਵਾਰਡ-5 ਟਾਂਡਾ ਅਤੇ ਸੁਰਜੀਤ ਸਿੰਘ ਪੁੱਤਰ ਬੂਟਾ ਸਿੰਘ ਨਿਵਾਸੀ ਬ੍ਰਹਮਵਾਲ ਦੇ ਖਿਲਾਫ ਦਰਜ ਕੀਤਾ ਹੈ। ਆਪਣੇ ਬਿਆਨ 'ਚ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਹੱਡੀਰੇੜੀ ਲਈ ਟਰੱਕ ਚਲਾਉਂਦਾ ਹੈ। ਮੰਗਲਵਾਰ ਸ਼ਾਮ ਜਦੋਂ ਉਹ ਹੱਡਾਰੇੜੀ ਕੋਲ ਗੱਡੀ ਲੈ ਕੇ ਖੜਾ ਸੀ ਉਕਤ ਦੋਸ਼ੀ ਉਸ ਕੋਲ ਆਏ ਅਤੇ ਜੈੱਕ ਅਤੇ ਰਾਡ ਦੀ ਮੰਗ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਉਨ੍ਹਾਂ ਕਿਸੇ ਦੁਕਾਨ ਦਾ ਸ਼ਟਰ ਤੋੜਨਾ ਹੈ। ਉਸ ਦੇ ਮਨ੍ਹਾ ਕਰਨ 'ਤੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਜੇਬ 'ਚੋਂ 13 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਉਸ ਨੂੰ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।