ਭੁਲੱਥ ''ਚ ਬਿਆਸ ਦਰਿਆ ਕੰਢੇ ''ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ'' ਦਾ ਸ਼ਾਨਦਾਰ ਆਗਾਜ਼

11/06/2019 11:57:12 PM

ਕਪੂਰਥਲਾ,(ਰਜਿੰਦਰ): ਕਪੂਰਥਲਾ ਦੀ ਧਰਤੀ 'ਤੇ ਵਹਿ ਰਹੇ ਬਿਆਸ ਦਰਿਆ 'ਤੇ ਪਹਿਲੀ ਵਾਰ ਅਧਿਆਤਮਕਤਾ ਦੀ ਅਜਿਹੀ ਧਾਰਾ ਵਹੀ, ਜਿਸਦੇ ਅਲੌਕਿਕ ਪ੍ਰਕਾਸ਼ ਨੇ ਪੂਰੇ ਇਲਾਕੇ ਨੂੰ ਇਕ ਰੰਗ 'ਚ ਪਰੋ ਦਿੱਤਾ। ਇਹ ਅਲੌਕਿਕ ਪ੍ਰਕਾਸ਼ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਦਾ ਹੈ। ਜ਼ਿਲੇ 'ਚ ਬਿਆਸ ਦਰਿਆ 'ਤੇ ਹੋ ਰਹੇ ਵਿਸ਼ੇਸ਼ ਸਮਾਗਮਾਂ ਦਾ ਅੱਜ ਭੁਲੱਥ ਸਬ-ਡਵੀਜ਼ਨ ਦੇ ਪਿੰਡ ਮੰਡੀ ਮੰਡ ਕੁੱਲਾ ਨੇੜੇ ਬਿਆਸ ਦਰਿਆ 'ਤੇ ਸ਼ਰਧਾਪੂਰਵਕ ਤੇ ਸ਼ਾਨਦਾਰ ਤਰੀਕੇ ਨਾਲ ਜ਼ਿਲਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਤੇ ਹੋਰਨਾਂ ਨਿਆਇਕ ਅਧਿਕਾਰੀਆਂ ਦੀ ਹਾਜ਼ਰੀ 'ਚ ਆਗਾਜ਼ ਕੀਤਾ ਗਿਆ।

ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਇਸ ਮੌਕੇ ਕਿਹਾ ਕਿ ਜ਼ਿਲੇ 'ਚ ਬਿਆਸ ਦਰਿਆ 'ਤੇ ਪਹਿਲੀ ਵਾਰ ਹੋ ਰਹੇ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਦੌਰਾਨ ਭਾਰੀ ਗਿਣਤੀ 'ਚ ਜ਼ਿਲਾ ਵਾਸੀਆਂ ਦਾ ਪੁੱਜਣਾ ਇਹ ਸਿੱਧ ਕਰ ਰਿਹਾ ਹੈ ਕਿ ਇਹ ਸ਼ੋਅ ਆਕਰਸ਼ਨ ਦਾ ਕੇਂਦਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ੋਅ 7 ਨਵੰਬਰ ਨੂੰ ਵੀ ਇਸੇ ਸਥਾਨ ਪਿੰਡ ਮੰਡੀ ਮੰਡ ਕੁੱਲਾ ਨੇੜੇ ਬਿਆਸ ਦਰਿਆ ਵਿਖੇ ਸ਼ਾਮ 6.30 ਤੋਂ 7.15 ਵਜੇ ਤੱਕ ਤੇ 7.45 ਤੋਂ 8.30 ਵਜੇ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਧੁਨਿਕ ਤਕਨੀਕ ਨਾਲ ਲਬਰੇਜ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਸੂਬਾ ਵਾਸੀਆਂ ਤੇ ਨੌਜਵਾਨੀ ਨੂੰ ਗੁਰੂ ਸਾਹਿਬ ਦੀ ਜੀਵਨੀ ਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ 'ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਦੌਰਾਨ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕਰਨਾ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਸਮਾਜਿਕ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖਿਲਾਫ ਹਮੇਸ਼ਾ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ।

ਸ਼ੋਅ ਦੌਰਾਨ ਪੁੱਜੀਆਂ ਸੰਗਤਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੇ ਜੀਵਨ ਬਾਰੇ ਆਧੁਨਿਕ ਤਰੀਕੇ ਨਾਲ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਾਫੀ ਸਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਦੀ ਧਰਤੀ 'ਤੇ ਵਹਿੰਦੇ ਬਿਆਸ ਦਰਿਆ 'ਚ ਪਹਿਲੀ ਵਾਰ ਅਜਿਹਾ ਸਮਾਗਮ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਸ਼ੋਅ ਇਤਿਹਾਸ ਸਿਰਜੇਗਾ। ਇਸ ਮੌਕੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀ ਰਮਨ ਕੁਮਾਰ ਤੇ ਸ੍ਰੀ ਜਸਪਾਲ ਵਰਮਾ, ਸਿਵਲ ਜੱਜ ਮੈਡਮ ਜਸਵੀਰ ਕੌਰ, ਸ੍ਰੀ ਮਹੇਸ਼ ਕੁਮਾਰ, ਮੈਡਮ ਪ੍ਰਿਅੰਕਾ ਸ਼ਰਮਾ, ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਜੀਤ ਪਾਲ ਸਿੰਘ , ਐਸ. ਡੀ. ਐਮ. ਭੁਲੱਥ ਰਣਦੀਪ ਸਿੰਘ ਹੀਰ, ਏ ਐੱਸ ਪੀ ਭੁਲੱਥ ਡਾ ਸਿਮਰਤ ਕੌਰ, ਐਸ ਐਚ ਓ ਬੇਗੋਵਾਲ ਸੁਖਦੇਵ ਸਿੰਘ, ਐਸ ਐਚ ਓ ਭੁਲੱਥ ਕਰਨੈਲ ਸਿੰਘ, ਐਸ ਐਚ ਓ ਢਿਲਵਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਜ਼ਿਲਾ ਵਾਸੀ ਹਾਜ਼ਰ ਸਨ।