ਬੀਬੀ ਸ਼ਬਨਮ ਕੌਰ ਢਿੱਲੋਂ ਦੀਆਂ ਅੰਤਿਮ ਰਸਮਾਂ ਡੇਰਾ ਬਿਆਸ ਵਿਖੇ ਹੋਈਆਂ ਪੂਰੀਆਂ

12/09/2019 9:50:30 AM

ਬਾਬਾ ਬਕਾਲਾ ਸਾਹਿਬ/ਬਿਆਸ (ਰਾਕੇਸ਼) - ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਧਰਮਪਤਨੀ ਬੀਬੀ ਸ਼ਬਨਮ ਕੌਰ ਢਿੱਲੋਂ ਦਾ ਬੀਤੀ 27 ਨਵੰਬਰ ਨੂੰ ਬੈਡਫੋਰਡ ਹਸਪਤਾਲ ਇੰਗਲੈਂਡ ਵਿਖੇ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ 6 ਦਸੰਬਰ ਨੂੰ ਡੇਰਾ ਬਿਆਸ ਵਿਖੇ ਕੀਤਾ ਗਿਆ। ਉਨ੍ਹਾਂ ਦੀਆਂ ਅੰਤਿਮ ਰਸਮਾਂ ਡੇਰਾ ਬਿਆਸ ਵਿਚਲੀ ਕੋਠੀ ’ਚ ਸਾਦੇ ਢੰਗ ਨਾਲ ਨਿਭਾਈਆਂ ਗਈਆਂ। ਇਸ ਦੁੱਖ ’ਚ ਸ਼ਰੀਕ ਹੋਣ ਲਈ ਦੂਰ-ਦੁਰਾਡਿਓਂ ਸੰਗਤਾਂ ਵੱਡੀ ਗਿਣਤੀ ’ਚ ਇਕੱਤਰ ਹੋਈਆਂ ਸਨ, ਜਿਨ੍ਹਾ ਨੂੰ ਰਸਮਾਂ ’ਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ।

ਜਾਣਕਾਰੀ ਅਨੁਸਾਰ ਬੀਤੇ ਦਿਨ ਚੱਲ ਰਹੇ ਭੰਡਾਰੇ ਦੌਰਾਨ ਬਾਬਾ ਜੀ ਨੇ ਕਰੀਬ ਡੇਢ ਘੰਟਾ ਖੁਦ ਸਤਿਸੰਗ ਫਰਮਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਨੂੰ ਸਤਿਗੁਰੂ ਦੇ ਭਾਣੇ ’ਚ ਰਹਿਣਾ ਚਾਹੀਦਾ ਹੈ। ਸਤਿਸੰਗ ਸਮਾਪਤ ਹੋਣ ’ਤੇ ਉਨ੍ਹਾਂ 15 ਦਸੰਬਰ ਦੇ ਭੰਡਾਰੇ ’ਤੇ ਸੰਗਤਾਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ। ਬੀਤੇ ਦਿਨ ਡੇਰਾ ਬਿਆਸ ਵਿਚਲੀ ਰਿਹਾਇਸ਼ ’ਤੇ ਬੀਬੀ ਢਿੱਲੋਂ ਦੀਆਂ ਅੰਤਿਮ ਰਸਮਾਂ ਨਿਭਾਉਣ ਦੀ ਸ਼ੁਰੂਆਤ 3 ਵਜੇ ਸ਼ੁਰੂ ਕਰ ਕੇ ਕਰੀਬ 3.45 ਵਜੇ ਸਮਾਪਤੀ ਕਰ ਦਿੱਤੀ ਗਈ। ਸਭ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕੀਤਾ ਗਿਆ ਤੇ ਦੇਗ ਵਰਤਾਈ ਗਈ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਦੀ ਪਤਨੀ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਕੁਮਾਰੀ ਸ਼ੈਲਜਾ ਪ੍ਰਧਾਨ ਹਰਿਆਣਾ ਪ੍ਰਦੇਸ਼ ਕਾਂਗਰਸ, ਪੰਜਾਬ ਏਕਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਰਵਨੀਤ ਸਿੰਘ ਬਿੱਟੂ ਤੇ ਸੂਫੀ ਗਾਇਕ ਹੰਸਰਾਜ ਹੰਸ ਤੋਂ ਇਲਾਵਾ ਬਲਵੰਤ ਸਿੰਘ ਰਾਮੂਵਾਲੀਆ, ਸੰਤ ਬਲਜੀਤ ਸਿੰਘ ਦਾਦੂਵਾਲ, ਮਹਿੰਦਰ ਸਿੰਘ ਕੇ. ਪੀ. ਸਾਬਕਾ ਮੰਤਰੀ, ਅਮਰਜੀਤ ਸਿੰਘ ਟਿੱਕਾ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਅਲ ਵਿਕਾਸ ਬੋਰਡ ਅਤੇ ਸੰਤੋਖ ਸਿੰਘ ਭਲਾਈਪੁਰ, ਸ਼ਮਸ਼ੇਰ ਸਿੰਘ ਗੋਗੀ ਹਰਿਆਣਾ, ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ, ਵਰਿੰਦਰ ਸਿੰਘ ਗੁਰਦਾਸਪੁਰ, ਫਤਿਹਜੰਗ ਸਿੰਘ ਬਾਜਵਾ, ਐੱਸ. ਐੱਸ. ਸਾਰੋਂ ਸਾਬਕਾ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਸੁਰੇਸ਼ ਅਰੋਡ਼ਾ ਅਤੇ ਰਾਜਬੀਰ ਸਿੰਘ ਗਿੱਲ (ਦੋਵੇਂ ਸਾਬਕਾ ਡੀ. ਜੀ. ਪੀ.) ਸਮੇਤ ਹੋਰ ਕਈ ਪੰਜਾਬ ਅਤੇ ਦੂਜੇ ਰਾਜਾਂ ਤੋਂ ਸਿਆਸੀ ਲੀਡਰਾਂ ਦੇ ਨਾਲ-ਨਾਲ ਪੁਲਸ ਅਤੇ ਸਿਵਲ ਦੇ ਉੱਚ ਅਧਿਕਾਰੀ ਪੁੱਜੇ ਹੋਏ ਸਨ। ਅਖੀਰ ’ਚ ਬਾਬਾ ਜੀ ਅਤੇ ਉਨ੍ਹਾਂ ਦੇ ਬੇਟਿਆਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਵਰਣਨਯੋਗ ਹੈ ਕਿ ਇੰਗਲੈਂਡ ਤੋਂ ਪਰਤਦੇ ਸਮੇਂ ਜਦ ਬਾਬਾ ਜੀ ਕੁਝ ਸਮੇਂ ਲਈ ਦਿੱਲੀ ਠਹਿਰੇ ਤਾਂ ਉਥੇ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ।


rajwinder kaur

Content Editor

Related News