ਵਿਜੀਲੈਂਸ ਜਾਂਚ ਕਰਵਾਉਣ ਦੀ ਸਜ਼ਾ ਕੁੱਟਮਾਰ!

07/24/2017 7:34:34 AM

ਪਟਿਆਲਾ (ਜੋਸਨ) - ਰਣਜੀਤ ਨਗਰ ਦੀ ਵਸਨੀਕ ਜਸਵਿੰਦਰ ਕੌਰ ਨੇ ਅੱਜ ਆਪਣੇ ਪਤੀ ਜਗਦੇਵ ਸਿੰਘ ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹੈ, ਦੀ ਜਾਨ ਨੂੰ ਖਤਰਾ ਦੱਸਿਆ ਹੈ। ਆਪਣੇ ਭਤੀਜੇ ਹਰਮੇਸ਼ ਸਿੰਘ ਨਾਲ ਆਈ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਬੀਤੇ ਦਿਨੀਂ ਪਹਿਲਾਂ ਤਾਂ ਜੱਦੀ ਪਿੰਡ ਗੁਆਰਾ ਅਤੇ ਫਿਰ ਨਾਭਾ ਕੋਲ ਗੱਡੀ ਦਾ ਪਿੱਛਾ ਕਰ ਕੇ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਮੇਰੇ ਪਤੀ ਦਾ ਕਸੂਰ ਬੱਸ ਇੰਨਾ ਕੁ ਹੈ ਕਿ ਉਨ੍ਹਾਂ ਆਪਣੇ ਜੱਦੀ ਪਿੰਡ ਗੁਆਰਾ ਦੇ ਸਰਪੰਚ ਵਿਰੁੱਧ ਵਿਜੀਲੈਂਸ ਜਾਂਚ ਕਰਾਉਣ ਲਈ ਦਰਖਾਸਤ ਦਿੱਤੀ ਹੋਈ ਹੈ। ਇਸ ਕਰ ਕੇ ਇਹ ਕੁੱਟਮਾਰ ਕੀਤੀ ਗਈ।
ਉਧਰ ਐੈੱਸ. ਐੈੱਚ. ਓ. ਅਮਰਗੜ੍ਹ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ ਜਗਦੇਵ ਸਿੰਘ ਦਾ ਫੋਨ ਜ਼ਰੂਰ ਆਇਆ ਸੀ ਕਿ ਕੁੱਝ ਲੋਕ ਉਸ ਨੂੰ ਤੰਗ ਕਰ ਰਹੇ ਹਨ ਪਰ ਕੁੱਟਮਾਰ ਬਾਰੇ ਜਾਣਕਾਰੀ ਨਹੀਂ ਦਿੱਤੀ। ਇਸ ਸਬੰਧੀ ਜਸਵਿੰਦਰ ਕੌਰ ਰਾਹੀਂ ਜਗਦੇਵ ਸਿੰਘ ਨਾਲ ਹੋਈ ਫੋਨ 'ਤੇ ਗੱਲ ਤੋਂ ਪਤਾ ਲੱਗਾ ਕਿ ਗੁਆਰਾ ਇਨ੍ਹਾਂ ਦਾ ਜੱਦੀ ਪਿੰਡ ਹੈ। ਉਥੇ ਇਨ੍ਹਾਂ ਦਾ ਮਕਾਨ ਅਤੇ ਜ਼ਮੀਨ ਹੈ। ਪਟਿਆਲਾ ਦੇ ਰਣਜੀਤ ਨਗਰ ਵਿਖੇ ਵੀ ਇਨ੍ਹਾਂ ਦੀ ਰਿਹਾਇਸ਼ ਹੈ। ਜਗਦੇਵ ਸਿੰਘ ਨੇ ਪਿਛਲੀ ਸਰਕਾਰ ਸਮੇਂ ਗੁਆਰਾ ਪਿੰਡ ਦੇ ਸਰਪੰਚ ਖਿਲਾਫ ਗ੍ਰਾਂਟ ਵਿਚ ਕਥਿਤ ਘਪਲੇ ਸਬੰਧੀ ਦਰਖਾਸਤ ਵਿਜੀਲੈਂਸ ਨੂੰ ਦਿੱਤੀ ਸੀ। ਉਸ ਸਮੇਂ ਇਸ ਦਰਖਾਸਤ 'ਤੇ ਕੋਈ ਕਰਵਾਈ ਨਹੀਂ ਹੋਈ। ਇਸ ਤੋਂ ਬਾਅਦ ਹੁਣ ਸਰਕਾਰ ਬਦਲਦਿਆਂ ਹੀ ਇਸ ਦਰਖਾਸਤ 'ਤੇ ਕਾਰਵਾਈ ਸ਼ੁਰੂ ਹੋ ਗਈ। ਇਸ ਲਈ ਸਾਡੇ 'ਤੇ ਹਮਲਾ ਹੋਇਆ ਹੈ। ਉਨ੍ਹਾਂ ਹਮਲਾਵਰਾਂ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ ਕੀਤੀ ਹੈ ।