''ਬਟਵਾਰਾ ਯਾਦਗਾਰ ਦਿਵਸ'' ਪ੍ਰੋਗਰਾਮ ''ਚ ਪਾਕਿ ਨੂੰ ਵੀ ਸੱਦਾ ਦਿੱਤਾ ਜਾਵੇਗਾ : ਸਿੱਧੂ

06/07/2017 7:13:52 AM

ਚੰਡੀਗੜ੍ਹ  (ਪਰਾਸ਼ਰ) - ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ 17 ਅਗਸਤ ਨੂੰ ਦੇਸ਼ ਦੇ ਬਟਵਾਰੇ ਬਾਰੇ ਯਾਦਗਾਰ ਦਿਵਸ ਦੇ ਰੂਪ 'ਚ ਅੰਮ੍ਰਿਤਸਰ 'ਚ ਆਯੋਜਿਤ ਕੀਤੇ ਜਾ ਰਹੇ ਸਰਕਾਰੀ ਪ੍ਰੋਗਰਾਮ 'ਚ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਜਾਵੇਗਾ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਸਵੀਕਾਰ ਕੀਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਠੀਕ ਨਹੀਂ ਹਨ, ਫਿਰ ਵੀ ਸੂਬਾ ਸਰਕਾਰ ਚਾਹੁੰਦੀ ਹੈ ਕਿ ਭਾਰਤ ਦੇ ਬਟਵਾਰੇ ਦੀ ਇਤਿਹਾਸਕ ਘਟਨਾ ਦੀ ਯਾਦਗਾਰ 'ਚ ਪਾਕਿਸਤਾਨ ਦੇ ਪ੍ਰਤੀਨਿਧੀ ਸ਼ਾਮਲ ਹੋਣੇ ਚਾਹੀਦੇ ਹਨ, ਕਿਉਂਕਿ ਉਨ੍ਹਾਂ ਬਿਨਾਂ ਇਹ ਪ੍ਰੋਗਰਾਮ ਅਧੂਰਾ ਰਹੇਗਾ। ਸਿੱਧੂ ਨੇ ਕਿਹਾ ਕਿ ਪਾਕਿਸਤਾਨ ਨੂੰ ਸੱਦਾ ਭੇਜਣ ਸੰਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ, ਜੋ ਇਸ ਮਾਮਲੇ 'ਚ ਅੰਤਿਮ ਫੈਸਲਾ ਲਵੇਗੀ।
ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਦਿ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ ਨੂੰ ਪੂਰੀ ਮਦਦ ਦਿੱਤੀ ਜਾਵੇਗੀ,ਜੋ ਕਿ ਅੰਮ੍ਰਿਤਸਰ ਦੇ ਟਾਊਨ ਹਾਲ ਵਿਖੇ ਬਟਵਾਰੇ ਦੀ ਦਾਸਤਾਨ ਕਹਿੰਦੇ ਦੁਨੀਆ ਦੇ ਆਪਣੀ ਤਰ੍ਹਾਂ ਦੇ ਨਿਵੇਕਲੇ ਅਜਾਇਬ ਘਰ ਨੂੰ 17 ਅਗਸਤ ਨੂੰ ਜਨਤਾ ਦੇ ਸਪੁਰਦ ਕਰੇਗਾ। ਇਸ ਅਜਾਇਬ ਘਰ ਨਾਲ ਅੰਮ੍ਰਿਤਸਰ, ਜੋ ਕਿ ਭਾਰਤ ਦੇ ਸਭ ਤੋਂ ਅਹਿਮ ਧਾਰਮਿਕ ਸਥਾਨਾਂ ਵਿੱਚੋਂ ਇਕ ਹੈ, ਦੀ ਸੈਰ ਸਪਾਟਾ ਸਨਅਤ ਨੂੰ ਖਾਸਾ ਹੁਲਾਰਾ ਇਸ ਮੌਕੇ ਉਘੀ ਲੇਖਿਕਾ, ਕਾਲਮਨਵੀਸ ਅਤੇ ਟਰੱਸਟ ਦੀ ਚੇਅਰਪਰਸਨ ਕਿਸ਼ਵਰ ਦੇਸਾਈ ਨੇ ਕਿਹਾ ਕਿ ਅਜਾਇਬ ਘਰ ਦੇ ਉਦਘਾਟਨ ਤੋਂ ਪਹਿਲਾਂ ਬਟਵਾਰਾ ਯਾਦਗਾਰ ਦਿਵਸ ਲਈ 'ਚਲੋ ਅੰਮ੍ਰਿਤਸਰ-17 ਅਗਸਤ ਨਾਂ ਦੀ ਇਕ ਵਿਸ਼ੇਸ਼ ਆਨਲਾਈਨ ਮੁਹਿੰਮ ਚਲਾਈ ਜਾਵੇਗੀ। ਇਸ ਅਜਾਇਬ ਘਰ ਦੇ ਉਦਘਾਟਨ ਮਗਰੋਂ ਸ਼ਾਮ ਦੇ ਸਮੇਂ ਸੂਫ਼ੀ ਸੰਗੀਤ ਦਾ ਪ੍ਰੋਗਰਾਮ ਹੋਵੇਗਾ ਜੋ ਕਿ ਆਰਟਸ ਐਂਡ ਲਿਟਰੇਚਰ ਫੈਸਟੀਵਲ ਆਫ ਅੰਮ੍ਰਿਤਸਰ ਵੱਲੋਂ ਕਰਵਾਇਆ ਜਾਵੇਗਾ। ਇਸ ਮੌਕੇ ਅੰਮ੍ਰਿਤਸਰ ਅਤੇ ਲਾਹੌਰ ਦੀਆਂ 1947 ਤੋਂ ਪਹਿਲਾਂ ਦੇ ਜ਼ਮਾਨੇ ਦੀਆਂ ਗਲੀਆਂ ਵੀ ਰੂਪਾਂਤਰਿਤ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਉਸ ਸਮੇਂ ਦੇ ਖਾਣੇ ਅਤੇ ਹੋਰ ਯਾਦਗਾਰੀ ਚੀਜ਼ਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।