ਪ੍ਰਸ਼ਾਸਨਿਕ ਲਾਪ੍ਰਵਾਹੀ : ਬਠਿੰਡਾ ਦੇ ਗੋਦਾਮਾਂ 'ਚ ਪਈ ਕਰੋੜਾਂ ਦੀ ਕਣਕ ਹੋਈ ਮਿੱਟੀ (ਵੀਡੀਓ)

07/29/2019 4:26:31 PM

ਬਠਿੰਡਾ(ਅਮਿਤ ਸ਼ਰਮਾ, ਵਰਮਾ) : ਅਨਾਜ ਮੰਡੀ ਸਥਿਤ ਵੇਅਰ ਹਾਊਸ ਬਠਿੰਡਾ 'ਚ ਕਰੋੜਾਂ ਦਾ ਅਨਾਜ ਖਰਾਬ ਹੋਇਆ, ਜੋ ਇਨਸਾਨ ਤਾਂ ਕੀ ਜਾਨਵਰਾਂ ਦੇ ਖਾਣ ਲਾਇਕ ਵੀ ਨਹੀਂ, ਜਿਸ ਨਾਲ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾ। ਜੇਕਰ ਇਸ 'ਚ ਅਧਿਕਾਰੀਆਂ ਦੀ ਲਾਪ੍ਰਵਾਹੀ ਨਾ ਹੁੰਦੀ ਤਾਂ ਹਜ਼ਾਰਾਂ ਲੋਕਾਂ ਦੀ ਭੁੱਖ ਮਿਟ ਸਕਦੀ ਸੀ। 'ਜਗ ਬਾਣੀ' ਦੀ ਟੀਮ ਨੇ ਜਦੋਂ ਵੇਅਰ ਹਾਊਸ ਦਾ ਦੌਰਾ ਕੀਤਾ ਤਾਂ ਉਥੇ ਪਾਇਆ ਕਿ ਝੋਨਾ, ਮੱਕੀ ਆਦਿ ਗਲ਼-ਸੜ ਚੁੱਕੇ ਸੀ, ਜੋ ਜਾਨਵਰਾਂ ਦੇ ਖਾਣਯੋਗ ਵੀ ਨਹੀਂ ਸੀ। ਇਕ ਅਨੁਮਾਨ ਅਨੁਸਾਰ 1500-1600 ਮੀਟ੍ਰਿਕ ਟਨ ਅਨਾਜ ਖਰਾਬ ਹੋਇਆ, ਜਿਸ ਦੀ ਕੀਮਤ 5-6 ਕਰੋੜ ਬਣਦੀ ਹੈ ਅਤੇ ਇਸ ਅਨਾਜ ਨਾਲ ਹਜ਼ਾਰਾਂ ਲੋਕਾਂ ਦਾ ਪੇਟ ਭਰਿਆ ਜਾ ਸਕਦਾ ਸੀ। ਉਚ ਅਧਿਕਾਰੀਆਂ ਨੂੰ ਜਿਵੇਂ ਹੀ ਇਸ ਖਰਾਬ ਹੋਏ ਅਨਾਜ ਦਾ ਪਤਾ ਲੱਗਾ ਤਾਂ ਸਥਾਨਕ ਅਧਿਕਾਰੀਆਂ ਨੇ ਅਨਾਜ ਨੂੰ ਧੁੱਪ 'ਚ ਸੁਕਾਉਣ ਲਈ ਅਨਾਜ ਮੰਡੀ 'ਚ ਖਿਲਾਰਿਆ ਪਰ ਇਸ 'ਚੋਂ ਇੰਨੀ ਬਦਬੂ ਆ ਰਹੀ ਸੀ ਕਿ ਕੋਲ ਖੜ੍ਹਾ ਹੋਣਾ ਵੀ ਮੁਸ਼ਕਲ ਸੀ। ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਅਨਾਜ ਨੂੰ ਰੱਖਣ ਲਈ ਪਲੰਥ ਬਣਾਏ ਗਏ ਸੀ, ਜੋ ਸੜਕ ਤੋਂ ਲਗਭਗ 5 ਫੁੱਟ ਉਪਰ ਹਨ। ਜਦਕਿ ਬਰਸਾਤ ਤੋਂ ਅਨਾਜ ਨੂੰ ਬਚਾਉਣ ਲਈ ਸਰਕਾਰ ਨੇ ਤਿਰਪਾਲਾਂ ਵੀ ਦੇ ਰੱਖੀਆਂ ਸੀ ਪਰ ਉਨ੍ਹਾਂ ਦਾ ਉਪਯੋਗ ਨਹੀਂ ਕੀਤਾ ਗਿਆ। ਵੇਅਰ ਹਾਊਸ ਦੇ ਕੁਝ ਅਜਿਹੇ ਭੰਡਾਰ ਵੀ ਹਨ, ਜੋ ਪੂਰੀ ਤਰ੍ਹਾਂ ਉਪਰ ਤੋਂ ਹੇਠਾ ਤੱਕ ਸੀਲ ਬੰਦ ਹਨ। ਉਨ੍ਹਾਂ ਦੇ ਅੰਦਰ ਵੀ ਅਨਾਜ ਗਲ਼-ਸੜ ਚੁੱਕਾ ਸੀ।


ਅਧਿਕਾਰੀਆਂ ਦਾ ਕਹਿਣਾ ਬਰਸਾਤ ਨਾਲ ਹੋਇਆ ਨੁਕਸਾਨ
ਵੇਅਰ ਹਾਊਸ 'ਚ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਬਠਿੰਡਾ ਬਰਸਾਤ ਦੇ ਕੁਦਰਤੀ ਕਹਿਰ ਕਾਰਣ ਅਨਾਜ ਖਰਾਬ ਹੋਇਆ। ਉਨ੍ਹਾਂ ਦੱਸਿਆ ਕਿ 1500-1600 ਮੀਟ੍ਰਿਕ ਟਨ ਕਣਕ ਅਤੇ ਅਨਾਜ ਦਾ ਨੁਕਸਾਨ ਹੋਇਆ, ਜਿਸ ਸਬੰਧੀ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 2 ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਇਕ ਵੱਡੇ ਰਿਟਾਇਰਡ ਅਧਿਕਾਰੀ ਨੇ ਬਠਿੰਡਾ ਦਾ ਦੌਰਾ ਕਰ ਕੇ ਗਲ਼ੇ-ਸੜੇ ਅਨਾਜ ਦਾ ਜਾਇਜ਼ਾ ਲਿਆ ਸੀ ਅਤੇ ਇਸ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਦਿੱਤੀ ਸੀ। ਉਨ੍ਹਾਂ ਦੇ ਇਸ ਦੌਰੇ ਨਾਲ ਬਠਿੰਡਾ 'ਚ ਮੌਜੂਦ ਅਧਿਕਾਰੀਆਂ ਦੇ ਹੱਥ-ਪੈਰ ਫੁੱਲਣ ਲਗੇ ਅਤੇ ਉਨ੍ਹਾਂ ਨੇ ਆਪਣੀ ਚਮੜੀ ਬਚਾਉਂਦੇ ਹੋਏ ਖਰਾਬ ਅਨਾਜ ਨੂੰ ਭਾਰੀ ਬਰਸਾਤ ਦਾ ਹੋਣਾ ਜ਼ਿੰਮੇਵਾਰ ਠਹਿਰਾਇਆ। ਉਚ ਅਧਿਕਾਰੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਕੁਝ ਦਿਨਾਂ ਦੀ ਬਰਸਾਤ ਤੋਂ ਬਾਅਦ ਅਨਾਜ ਦਾ ਇਹ ਹਾਲ ਨਹੀਂ ਹੋ ਸਕਦਾ, ਜਿਵੇਂ ਕਿ ਫੋਟੋਗ੍ਰਾਫ 'ਚ ਦਿਖਾਇਆ ਗਿਆ। ਸਥਾਨਕ ਡੀ. ਐੱਮ. ਪ੍ਰਵੀਨ ਕੁਮਾਰ ਨਾਲ ਇਸ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ।

ਵਿਜੀਲੈਂਸ ਤੋਂ ਇਸ ਦੀ ਜਾਂਚ ਕਰਵਾਈ ਜਾਵੇਗੀ
ਬਠਿੰਡਾ ਦੇ ਵੇਅਰ ਹਾਊਸ 'ਚ ਕਰੋੜਾਂ ਦਾ ਅਨਾਜ ਬਰਬਾਦ ਹੋਇਆ, ਜਿਸ ਦੀ ਜਾਂਚ ਲਈ ਵਿਭਾਗੀ ਟੀਮ ਭੇਜੀ ਗਈ ਹੈ। 2-4 ਦਿਨ ਦੀ ਬਰਸਾਤ ਨਾਲ ਇੰਨਾ ਭਾਰੀ ਨੁਕਸਾਨ ਹੋਣਾ ਸੰਭਵ ਨਹੀਂ, ਮਾਮਲੇ 'ਚ ਲਾਪ੍ਰਵਾਹੀ ਹੋਈ ਹੈ, ਇਸ ਦੀ ਜਾਂਚ ਹੋਵੇਗੀ ਅਤੇ ਕਿਸੇ ਵੀ ਦੋਸ਼ੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਐੱਸ. ਐੱਸ. ਪੀ. ਅਤੇ ਡੀ. ਸੀ. ਨੂੰ ਪੱਤਰ ਲਿਖ ਕੇ ਸਰਕਾਰੀ ਖਜ਼ਾਨੇ ਦਾ ਨੁਕਸਾਨ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕਰਨ ਲਈ ਕਿਹਾ ਜਾਵੇਗਾ। ਇਸ ਮਾਮਲੇ 'ਚ ਕੋਈ ਵੀ ਅਧਿਕਾਰੀ ਮੁਲਜ਼ਮ ਪਾਇਆ ਗਿਆ ਤਾਂ ਅਧਿਕਾਰੀ ਦੀ ਜੇਬ 'ਚੋਂ ਇਸ ਦੀ ਵਸੂਲੀ ਕੀਤੀ ਜਾਵੇਗੀ। ਕਰੋੜਾਂ ਦੇ ਅਨਾਜ ਦੀ ਬਰਬਾਦੀ ਦਾ ਮਾਮਲਾ ਵਿਜੀਲੈਂਸ ਟੀਮ ਨੂੰ ਸੌਂਪਿਆ ਜਾਵੇਗਾ। ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਹੋਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।

ਕੀ ਕਹਿਣੈ ਜ਼ਿਲਾ ਖੁਰਾਕ ਅਧਿਕਾਰੀ ਦਾ
ਬਠਿੰਡਾ ਵੇਅਰ ਹਾਊਸ 'ਚ 50 ਹਜ਼ਾਰ ਤੋਂ ਵੱਧ ਅਨਾਜ ਦੀਆਂ ਬੋਰੀਆਂ ਬਰਬਾਦ ਹੋ ਗਈਆਂ, ਜਿਸ ਦਾ ਕਾਰਣ ਭਾਰੀ ਬਰਸਾਤ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ਵੇਅਰ ਹਾਊਸ ਵਿਭਾਗ ਦਾ ਹੈ, ਉਹ ਆਪਣੇ ਪੱਧਰ 'ਤੇ ਇਸ ਦੀ ਜਾਂਚ ਕਰਨਗੇ, ਜ਼ਿਲਾ ਖੁਰਾਕ ਵਿਭਾਗ ਵਲੋਂ ਉਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।

cherry

This news is Content Editor cherry