ਬਠਿੰਡਾ ਦਾ ਸ਼ਿਵ ਸੈਨਾ ਉਪ ਪ੍ਰਧਾਨ ਤੇਲ ਚੋਰੀ ਮਾਮਲੇ ''ਚ ਗ੍ਰਿਫ਼ਤਾਰ

12/27/2019 12:50:18 AM

ਬਠਿੰਡਾ,(ਪਰਮਿੰਦਰ)-ਸ਼ਿਵ ਸੈਨਾ ਹਿੰਦੋਸਤਾਨ ਬਠਿੰਡਾ ਦੇ ਉਪ ਪ੍ਰਧਾਨ ਨੂੰ ਪੁਲਸ ਨੇ ਤੇਲ ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ। ਜਾਣਕਾਰੀ ਮੁਤਾਬਕ 21 ਜਨਵਰੀ 2019 ਨੂੰ ਤਪਾ ਮੰਡੀ ਆਊਟਰ 'ਤੇ ਰੇਲ ਗੱਡੀ ਨੂੰ ਰੋਕਿਆ ਗਿਆ ਸੀ, ਜਿਸ 'ਚੋਂ ਭਾਰੀ ਮਾਤਰਾ 'ਚ ਤੇਲ ਚੋਰੀ ਹੋ ਗਿਆ ਸੀ। ਚੋਰ ਮੌਕੇ ਤੋਂ ਫਰਾਰ ਹੋ ਗਏ ਸਨ। ਆਰ. ਪੀ. ਐੱਫ. ਪੁਲਸ ਬਰਨਾਲਾ ਨੇ ਅਣਪਛਾਤੇ ਚੋਰਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਸੀ। ਮਾਮਲੇ ਦੀ ਜਾਂਚ ਆਰ. ਪੀ. ਐੱਫ. ਪੁਲਸ ਬਠਿੰਡਾ ਦੀ ਟੀਮ ਵਲੋਂ ਕੀਤੀ ਜਾ ਰਹੀ ਸੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ 'ਤੇ ਪੁਲਸ ਮੁਰਾਰੀ ਲਾਲ ਵਾਸੀ ਰਾਮਾਂ ਮੰਡੀ ਤੱਕ ਪਹੁੰਚ ਗਈ, ਜੋ ਇਸ ਚੋਰੀ 'ਚ ਸ਼ਾਮਲ ਸੀ। ਆਰ. ਪੀ. ਐੱਫ. ਬਰਨਾਲਾ ਪੁਲਸ ਨੇ ਉਕਤ ਨੂੰ ਬੀਤੇ ਦਿਨ ਰਾਮਾਂ ਮੰਡੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਫਿਰ ਇਸਨੂੰ ਬਰਨਾਲਾ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ, ਜਿਸ ਕੋਲੋਂ ਪੁੱਛਗਿੱਛ ਜਾਰੀ ਹੈ, ਕਿਉਂਕਿ ਚੋਰੀ 'ਚ ਇਸਦੇ ਹੋਰ ਵੀ ਕਈ ਸਾਥੀ ਸ਼ਾਮਲ ਸਨ। ਮੁਰਾਰੀ ਲਾਲ ਨੇ ਪੁਲਸ ਕੋਲ ਕਬੂਲ ਵੀ ਕਰ ਲਿਆ ਹੈ ਕਿ ਉਹ ਚੋਰੀ 'ਚ ਸ਼ਾਮਲ ਸੀ। ਉਪਰੋਕਤ ਦੀ ਪੁਸ਼ਟੀ ਆਰ. ਪੀ. ਐੱਫ. ਬਰਨਾਲਾ ਦੇ ਮੁਲਾਜ਼ਮ ਮਹਿੰਦਰ ਸਿੰਘ ਵੱਲੋਂ ਵੀ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਜਨਵਰੀ 2019 'ਚ ਉਕਤ ਚੋਰੀ ਦੀ ਘਟਨਾ ਹੋਈ ਸੀ। ਮੁਰਾਰੀ ਲਾਲ ਕਰੀਬ 4 ਸਾਲਾਂ ਤੋਂ ਸ਼ਿਵ ਸੈਨਾ ਹਿੰਦੋਸਤਾਨ ਦਾ ਵਰਕਰ ਹੈ। ਉਕਤ ਘਟਨਾ ਤੋਂ ਬਾਅਦ ਅਪ੍ਰੈਲ 2019 'ਚ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਗੁਪਤਾ ਵਲੋਂ ਮੁਰਾਰੀ ਲਾਲ ਨੂੰ ਜ਼ਿਲਾ ਬਠਿੰਡਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਸ ਸਮੇਂ ਵੀ ਮੁਰਾਰੀ ਲਾਲ ਉਪ ਪ੍ਰਧਾਨ ਦੇ ਅਹੁਦੇ 'ਤੇ ਹੀ ਹੈ। ਜ਼ਿਲਾ ਬਠਿੰਡਾ ਦੇ ਪ੍ਰਧਾਨ ਸੁਸ਼ੀਲ ਜਿੰਦਲ ਨੇ ਦੱਸਿਆ ਕਿ ਉਸ ਸਮੇਂ ਨਾ ਤਾਂ ਮੁਰਾਰੀ ਲਾਲ ਨੇ ਪਾਰਟੀ ਨੂੰ ਦੱਸਿਆ ਕਿ ਉਹ ਚੋਰੀ ਦੇ ਮਾਮਲੇ 'ਚ ਸ਼ਾਮਲ ਹੈ ਤੇ ਨਾ ਹੀ ਪਾਰਟੀ ਇਸ ਤੋਂ ਜਾਣੂ ਸੀ। ਜੇਕਰ ਪਤਾ ਹੁੰਦਾ ਤਾਂ ਉਸਨੂੰ ਉਕਤ ਅਹੁਦਾ ਨਾ ਦਿੱਤਾ ਜਾਂਦਾ।