ਚੋਣਾਂ ''ਚ ਉਲਝਣ ਦੀ ਥਾਂ ਸੱਸ-ਨੂੰਹ ਹੋਈਆਂ ਇਕਜੁੱਟ, ਬਣੀਆਂ ਮਿਸਾਲ (ਵੀਡੀਓ)

12/22/2018 6:00:20 PM

ਬਠਿੰਡਾ(ਅਮਿਤ)— ਬਠਿੰਡਾ ਵਿਚ ਰਹਿਣ ਵਾਲੀ ਨੂੰਹ-ਸੱਸ ਨੇ ਚੋਣਾਂ ਵਿਚ ਉਲਝਣ ਦੀ ਥਾਂ ਇਕਜੁੱਟ ਹੋ ਕੇ ਤੁਰਨ ਦਾ ਫੈਸਲਾ ਕੀਤਾ ਹੈ। ਬਠਿੰਡਾ ਦੇ ਪਿੰਡ ਪਿਪਲੀ (ਮਹਿਰਾਜ) ਦੀ ਪੋਸਟ ਗ੍ਰੇਜੂਏਟ ਨੂੰਹ ਪਰਮਪਾਲ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ, ਜਦੋਂਕਿ ਉਸ ਦੀ 5 ਜਮਾਤਾਂ ਪਾਸ ਸੱਸ ਅਮਰਜੀਤ ਕੌਰ ਥੋੜ੍ਹਾ ਸਮਾਂ ਪਹਿਲਾਂ ਬਲਾਕ ਸਮਿਤੀ ਫੂਲ ਦੇ ਜ਼ੋਨ ਗੁਰੂਸਰ ਮਹਿਰਾਜ ਤੋਂ 180 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਨੂੰਹ-ਸੱਸ ਨੇ ਆਪੋ-ਆਪਣੇ ਸਹੁਰੇ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੀ ਪਿਪਲੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਸਹੁਰਾ ਬਲਵੰਤ ਸਿੰਘ ਸਾਲ 2003 ਵਿਚ ਪਿੰਡ ਦਾ ਸਰਪੰਚ ਬਣਿਆ ਸੀ, ਜੋ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ ਅਤੇ ਹੁਣ ਉਹ ਆਪਣੇ ਸਹੁਰੇ ਦੇ ਮਿਸ਼ਨ ਨੂੰ ਅੱਗੇ ਤੋਰੇਗੀ। ਉਥੇ ਹੀ ਦੂਜੇ ਪਾਸੇ ਨੂੰਹ ਪਰਮਪਾਲ ਕੌਰ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਮਜੀਤ ਸਿੰਘ ਪੰਚਾਇਤ ਮੈਂਬਰ ਰਹਿ ਚੁੱਕਾ ਹੈ ਅਤੇ ਉਹ ਆਪਣੇ ਸਹੁਰੇ ਦੇ ਮਿਸ਼ਨ ਨੂੰ ਅੱਗੇ ਤੋਰੇਗੀ। ਨਵੀਂ ਚੁਣੀ ਮਹਿਲਾ ਸਰਪੰਚ ਪਰਮਪਾਲ ਕੌਰ ਦੇ ਪਤੀ ਲਖਵਿੰਦਰ ਸਿੰਘ ਲੱਖਾ ਦਾ ਕਹਿਣਾ ਸੀ ਕਿ ਉਨ੍ਹਾਂ ਕਾਂਗਰਸ ਪਾਰਟੀ ਤਰਫੋਂ ਪਿੰਡ ਦੀ ਅਗਵਾਈ ਕਰਨ ਦਾ ਫੈਸਲਾ ਕੀਤਾ ਹੈ।

ਨੂੰਹ-ਸੱਸ ਦਾ ਕਹਿਣਾ ਹੈ ਕਿ ਉਹ ਹਰ ਘਰ ਲਈ ਉਦਾਹਰਣ ਬਣਨਗੀਆਂ। ਸਰਕਾਰੀ ਦਰਬਾਰੇ ਵੀ ਦੋਵੇਂ ਇਕੱਠੀਆਂ ਹੀ ਜਾਣਗੀਆਂ। ਦੋਵਾਂ ਨੇ ਸਰਪੰਚੀ ਵਿਚ ਭਿੜਨ ਦੀ ਥਾਂ ਪਹਿਲਾਂ ਹੀ ਆਪੋ-ਆਪਣੇ ਖੇਤਰ ਤੈਅ ਕਰ ਲਏ ਜਾਪਦੇ ਹਨ। ਪਿੰਡ ਪਿਪਲੀ ਵਿਚ 5 ਵਾਰਡ ਹਨ, ਜਿਨ੍ਹਾਂ ਵਿਚ ਸਾਰੇ ਪੰਚਾਇਤ ਮੈਂਬਰਾਂ 'ਤੇ ਵੀ ਸਰਬਸੰਮਤੀ ਹੋ ਗਈ ਹੈ। ਵਾਰਡ ਨੰਬਰ ਇਕ ਤੋਂ ਕਰਮਜੀਤ ਕੌਰ, ਵਾਰਡ ਨੰਬਰ ਦੋ ਤੋਂ ਮਮਨਦੀਪ ਕੌਰ, ਵਾਰਡ ਨੰਬਰ ਤਿੰਨ ਤੋਂ ਰਾਜਵਿੰਦਰ ਸਿੰਘ, ਵਾਰਡ ਨੰਬਰ ਚਾਰ ਤੋਂ ਮਲਕੀਤ ਸਿੰਘ ਅਤੇ ਵਾਰਡ ਨੰਬਰ ਪੰਜ ਤੋਂ ਅੰਮ੍ਰਿਤਪਾਲ ਸਿੰਘ ਪੰਚਾਇਤ ਮੈਂਬਰ ਚੁਣੇ ਗਏ ਹਨ।

cherry

This news is Content Editor cherry