ਬਠਿੰਡਾ ਸੀਟ ਤੋਂ ਅਕਾਲੀ ਦਲ ਨੇ ਖੇਡਿਆ ਹਰਸਿਮਰਤ 'ਤੇ ਦਾਅ

04/23/2019 12:49:17 PM

ਬਠਿੰਡਾ (ਵੈੱਬ ਡੈਸਕ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੰਗਲਵਾਰ ਸਵੇਰੇ ਬਠਿੰਡਾ ਸੀਟ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੀ ਹਾਟ ਸੀਟ ਮੰਨੀ ਜਾਂਦੀ ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਨੇ ਆਪਣੇ ਹੁਕਮ ਦੇ ਇੱਕੇ ਹਰਸਿਮਰਤ ਕੌਰ ਬਾਦਲ 'ਤੇ ਦਾਅ ਖੇਡਿਆ ਹੈ। ਹਰਸਿਮਰਤ ਕੌਰ ਬਾਦਲ ਪਹਿਲਾਂ ਦੋ ਵਾਰ ਇਸੇ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ ਤੇ ਮੋਦੀ ਸਰਕਾਰ 'ਚ ਕੇਂਦਰੀ ਮੰਤਰੀ ਹਨ।

ਸ਼ਰੂਆਤੀ ਜੀਵਨ ਅਤੇ ਸਿੱਖਿਆ
ਹਰਸਿਮਰਤ ਕੌਰ ਬਾਦਲ ਦਾ ਜਨਮ 25 ਜੁਲਾਈ 1966 ਨੂੰ ਮਜੀਠੀਆ ਪਰਿਵਾਰ ਵਿਚ ਸੱਤਿਆਜੀਤ ਅਤੇ ਸੁਖਮੰਜਸ ਮਜੀਠੀਆ ਦੇ ਘਰ ਹੋਇਆ ਸੀ। ਹਰਸਿਮਰਤ ਕੌਰ ਬਾਦਲ ਨੇ ਨਵੀਂ ਦਿੱਲੀ ਦੇ ਲੋਰੇਟੋ ਕਾਨਵੈਂਟ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਟੈਕਸਟਾਈਲ ਡਿਜ਼ਾਈਨਿੰਗ ਵਿਚ ਗ੍ਰੈਜੂਏਸ਼ਨ ਦੀ ਡਿੱਗਰੀ ਪ੍ਰਾਪਤ ਕੀਤੀ ਹੈ।

ਰਾਜਨੀਤਕ ਪਰਿਵਾਰ ਨਾਲ ਹੈ ਡੂੰਘਾ ਰਿਸ਼ਤਾ
ਇਕ ਤਾਕਤਵਰ ਰਾਜਨੀਤਕ ਘਰਾਣੇ ਦੀ ਨੂੰਹ ਅਤੇ ਧੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹੈ। 21 ਨਵੰਬਰ 1991 ਨੂੰ ਹਰਸਿਮਰਤ ਕੌਰ ਦਾ ਵਿਆਹ ਸੁਖਬੀਰ ਬਾਦਲ ਨਾਲ ਹੋਇਆ। ਹਰਸਿਮਰਤ ਅਤੇ ਸੁਖਬੀਰ ਦੇ 3 ਬੱਚੇ ਹਨ, ਦੋ ਬੇਟੀਆਂ ਅਤੇ 1 ਬੇਟਾ। ਹਰਸਿਮਰਤ ਦੇ ਭਰਾ ਬਿਕਰਮ ਸਿੰਘ ਮਜੀਠੀਆ ਵੀ ਰਾਜਨੀਤੀ ਵਿਚ ਹਨ ਅਤੇ ਮਜੀਠਾ ਸੀਟ ਤੋਂ ਸ਼੍ਰੋਮਣੀ ਅਕਾਲੀ ਦੇ ਵਿਧਾਇਕ ਹਨ।

ਰਾਜਨੀਤਕ ਜੀਵਨ ਦੀ ਸ਼ੁਰੂਆਤ ਅਤੇ ਸਫਰ
ਹਰਸਿਮਰਤ ਕੌਰ ਬਾਦਲ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ 2009 ਦੀਆਂ ਭਾਰਤੀ ਆਮ ਚੋਣਾਂ ਨਾਲ ਕੀਤੀ ਸੀ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੇ ਚੋਣ ਲੜੀ ਸੀ, ਜਿਸ ਵਿਚ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਰਣਇੰਦਰ ਸਿੰਘ ਨੂੰ ਭਾਰੀ ਵੋਟਾਂ ਨਾਲ ਹਰਾਇਆ ਸੀ ਅਤੇ ਬਠਿੰਡਾ ਵਿਧਾਨ ਸਭਾ ਖੇਤਰ ਤੋਂ 15ਵੀਂ ਲੋਕ ਸਭਾ ਮੈਂਬਰ ਚੁਣੀ ਗਈ ਸੀ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ 2014 ਵਿਚ ਆਮ ਚੋਣਾਂ ਵਿਚ ਬਠਿੰਡਾ ਸੀਟ ਤੋਂ ਦੁਬਾਰਾ ਚੋਣ ਲੜੀ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਤੇ ਮੋਦੀ ਸਰਕਾਰ ਵੇਲੇ ਕੇਂਦਰ ਮੰਤਰੀ ਵੀ ਰਹਿ ਚੁੱਕੇ ਹਨ।

ਸਾਮਾਜਿਕ ਰੁਝੇਵਾਂ
ਹਰਸਿਮਰਤ ਕੌਰ ਨੇ ਪੰਜਾਬ ਦੇ ਘੱਟ ਰਹੇ ਮਹਿਲਾ ਲਿੰਗ ਅਨੁਪਾਤ ਵਿਰੁੱਧ ਅਤੇ ਦਰੱਖਤਾਂ ਨੂੰ ਬਚਾਉਣ ਲਈ 'ਨੰਨ੍ਹੀ ਛਾਂ' ਨਾਮਕ ਇਕ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇਹ ਪ੍ਰਾਜੈਕਟ ਭਰੂਣ ਹੱਤਿਆ ਵਿਰੁੱਧ ਸੰਘਰਸ਼ ਅਤੇ ਪੇਂਡੂ ਖੇਤਰਾਂ ਵਿਚ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਅਤੇ ਸਸ਼ਕਤੀਕਰਨ ਦੀ ਇਕ ਪਹਿਲ ਹੈ। ਪੰਜਾਬ ਦੇ ਪਿੰਡਾਂ ਵਿਚ ਇਸ ਨੰਨ੍ਹੀ ਛਾਂ ਵਿਚ ਪਹਿਲ ਜ਼ਰੀਏ 75 ਸਿਲਾਈ ਕੈਂਦਰ ਖੋਲ੍ਹੇ ਗਏ ਹਨ, ਜਿਨ੍ਹਾਂ ਵਿਚ 199 ਤੋਂ ਜ਼ਿਆਦਾ ਬੱਚੀਆਂ ਨੂੰ ਕੱਪੜੇ ਸਿਊਣ, ਦਰੀਆਂ ਬੁਨਣੀਆਂ ਅਤੇ ਫੁਲਕਾਰੀ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਕੇਂਦਰ 'ਚ ਭਾਜਪਾ ਦੀ ਭਾਈਵਾਲ ਅਕਾਲੀ ਦਲ ਵਲੋਂ ਆਪਣੇ ਹਿੱਸੇ ਦੇ 10 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜਦਕਿ ਭਾਜਪਾ ਵਲੋਂ 3 ਸੀਟਾਂ 'ਚੋਂ ਅਜੇ ਇਕ ਦਾ ਹੀ ਐਲਾਨ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਕਾਂਗਰਸ ਤੇ ਪੀ.ਡੀ.ਏ. ਪਹਿਲਾਂ ਹੀ 13 ਦੀਆਂ 13 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ।

cherry

This news is Content Editor cherry