ਹੇਮਾ ਮਾਲਿਨੀ 'ਤੇ ਬੋਲੀ ਅੰੰਮ੍ਰਿਤਾ ਵੜਿੰਗ, ਨੱਚਣ ਵਾਲੇ ਚਲਾ ਰਹੇ ਹਰਸਿਮਰਤ ਦੀ ਚੋਣ ਮੁਹਿੰਮ

05/16/2019 2:48:59 PM

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੀ ਪਤਨੀ ਵੱਲੋਂ ਆਪਣੇ ਪਤੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਾ ਵੜਿੰਗ ਹਰਸਿਮਰਤ ਕੌਰ ਬਾਦਲ 'ਤੇ ਜਮ ਕੇ ਵਰ੍ਹੀ। ਉਨ੍ਹਾਂ ਨੇ ਹਰਸਿਮਰਤ ਦੇ ਦਿੱਤੇ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਨ੍ਹਾਂ ਦਾ ਕੱਖ ਨਾ ਰਹੇ, 'ਤੇ ਬੋਲਦੇ ਹੋਏ ਕਿਹਾ ਕਿ ਅਜਿਹਾ ਕਹਿਣ ਨਾਲ ਕੁੱਝ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਸਰਕਾਰ ਦੇ ਸਮੇਂ ਹੋਈ ਅਤੇ ਇਨ੍ਹਾਂ ਨੂੰ ਕੁੱਝ ਨਹੀਂ ਪਤਾ ਕਿ ਇਲਾਕੇ ਵਿਚ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਬੀਬਾ ਜੀ ਗੁਰੂ ਜੀ ਨੇ ਫੈਸਲਾ ਕਰਨਾ ਹੈ ਉਦੋਂ ਤੁਹਾਨੂੰ ਵੀ ਨਹੀਂ ਪਤਾ ਲੱਗਣਾ। ਬਠਿੰਡਾ ਵਿਚ ਮੋਦੀ ਵੱਲੋਂ ਕੀਤੀ ਰੈਲੀ 'ਤੇ ਅੰਮ੍ਰਿਤਾ ਨੇ ਕਿਹਾ ਕਿ ਮੋਦੀ ਦੀ ਰੈਲੀ ਵਿਚ ਤਾਂ ਪ੍ਰਮਾਤਮਾ ਖੁਦ ਆ ਕੇ ਉਨ੍ਹਾਂ ਦੇ ਉਲਟ ਖੜ੍ਹਾ ਹੋ ਗਿਆ ਸੀ। ਉਸ ਦਿਨ ਹਨੇਰੀ ਚੱਲ ਪਈ, ਜਿਸ ਕਾਰਨ ਲੋਕ ਉਨ੍ਹਾਂ ਨੂੰ ਸੁਣਨ ਲਈ ਪਹੁੰਚ ਨਹੀਂ ਸਕੇ।

ਉਥੇ ਹੀ ਉਨ੍ਹਾਂ ਨੇ ਸੰਨੀ ਦਿਓਲ ਅਤੇ ਹੇਮਾ ਮਾਲਿਨੀ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਲਈ ਪ੍ਰਚਾਰ ਕਰਨ ਦੇ ਬਾਰੇ ਵਿਚ ਕਿਹਾ ਕਿ ਕਿੰਨੇ ਮਾੜੇ ਦਿਨ ਆ ਗਏ ਹਨ ਕਿ ਜਿਹੜੇ ਲੋਕ ਨੱਚ-ਗਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸੀ ਅੱਜ ਉਹ ਬੀਬਾ ਬਾਦਲ ਦੀ ਚੋਣ ਮੁਹਿੰਮ ਚਲਾ ਰਹੇ ਹਨ। ਸੰਨੀ ਇੱਥੇ ਕਾਂਗਰਸ ਨੂੰ ਇਹ ਦੱਸਣ ਆ ਰਹੇ ਹਨ ਕਿ ਜਿਵੇਂ ਉਨ੍ਹਾਂ ਨੇ ਇਕ ਫਿਲਮ ਵਿਚ ਨਲਕਾ ਪੁੱਟ ਕੇ ਸੁੱਟਿਆ ਸੀ, ਉਸ ਤਰ੍ਹਾਂ ਤੁਸੀਂ ਵੀ ਬੀਬਾ ਬਾਦਲ ਨੂੰ ਇਸੇ ਪੁੱਟ ਕੇ ਸੁੱਟ ਦਿਓ।

ਉਥੇ ਹੀ ਬਠਿੰਡਾ ਵਿਚ ਨਵਜੋਤ ਸਿੱਧੂ ਵੱਲੋਂ 17 ਤਰੀਕ ਨੂੰ ਰਾਜਾ ਵੜਿੰਗ ਦੇ ਹੱਕ ਵਿਚ ਰੈਲੀਆਂ ਕਰਨ 'ਤੇ ਅੰਮ੍ਰਿਤਾ ਨੇ ਕਿਹਾ ਕਿ ਨਵਜੋਤ ਸਿੱਧੂ ਸੱਚ 'ਤੇ ਚੱਲਣ ਵਾਲੇ ਇਨਸਾਨ ਹਨ। ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਲੋਕਾਂ ਦੀ ਮੰਗ ਤੋਂ ਬਾਅਦ ਹੀ ਉਨ੍ਹਾਂ ਦੀਆਂ ਇੰਨੀਆਂ ਰੈਲੀਆਂ ਰੱਖੀਆਂ ਗਈਆਂ ਹਨ। ਇਸ ਦਾ ਬਹੁਤ ਵੱਡਾ ਪ੍ਰਭਾਵ ਪਏਗਾ। ਅਰਵਿੰਦਰ ਕੇਜਰੀਵਾਲ ਵੱਲੋਂ 'ਆਪ' ਦੀ ਬਠਿੰਡਾ ਤੋਂ ਉਮੀਦਵਾਰ ਬਲਜਿੰਦਰ ਕੌਰ ਦੇ ਹੱਕ ਵਿਚ ਵੱਡਾ ਰੋਡ ਕੱਢਣ 'ਤੇ ਅੰਮ੍ਰਿਤਾ ਨੇ ਕਿਹਾ ਕਿ ਖਿਲਰਿਆਂ ਤਿੱਲਿਆਂ ਨੇ ਕਦੇ ਨਹੀਂ ਜੁੜਨਾ। ਉਨ੍ਹਾਂ ਕਿਹਾ ਕਿ ਭਾਵੇਂ ਅਰਵਿੰਦ ਕੇਜਰੀਵਾਲ ਜਾਂ ਫਿਰ ਕੋਈ ਵੀ ਆ ਜਾਵੇ ਇਨ੍ਹਾਂ ਦਾ ਕੱਖ ਨਹੀਂ ਬਣਨਾ। ਅੰਮ੍ਰਿਤਾ ਨੇ 'ਆਪ' ਨੂੰ ਆਰਾਮ ਨਾਲ ਘਰ ਬੈਠਣ ਦੀ ਸਲਾਹ ਦਿੱਤੀ। ਅੰਮ੍ਰਿਤਾ ਵੜਿੰਗ ਨੇ ਆਪਣੇ ਪਤੀ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਰਾਜਾ ਹੀ ਬਠਿੰਡਾ ਤੋਂ ਲੋਕ ਸਭਾ ਚੋਣ ਜਿੱਤਣਗੇ।

cherry

This news is Content Editor cherry