'ਆਪ' ਉਮੀਦਵਾਰ ਬਲਜਿੰਦਰ ਕੌਰ ਦੀ ਨਾਮਜ਼ਦਗੀ ਨੂੰ ਹਾਈਕੋਰਟ 'ਚ ਚੁਣੌਤੀ

05/06/2019 4:20:19 PM

ਬਠਿੰਡਾ (ਹਾਂਡਾ) : ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੀ ਨਾਮਜ਼ਦਗੀ ਨੂੰ ਹਾਈਕੋਰਟ 'ਚ ਚੁਣੌਤੀ ਦਿੰਦਿਆਂ ਹਰਮਿਲਾਪ ਸਿੰਘ ਗਰੇਵਾਲ ਨਾਂ ਦੇ ਇਕ ਵਿਅਕਤੀ ਨੇ ਉਨ੍ਹਾਂ ਦੀ ਨਾਮਜ਼ਦਗੀ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਪਟੀਸ਼ਨਰ ਨੇ ਕੋਰਟ ਨੂੰ ਦੱਸਿਆ ਕਿ ਬਲਜਿੰਦਰ ਕੌਰ ਨੂੰ ਅਮਰਜੀਤ ਸਿੰਘ ਨਾਂ ਦੇ ਵਿਅਕਤੀ ਨੇ ਅਡਾਪਸ਼ਨ ਕਾਨੂੰਨ ਦੇ ਤਹਿਤ ਗੋਦ ਲਿਆ ਸੀ ਅਤੇ ਕਾਨੂੰਨਨ ਬਲਜਿੰਦਰ ਕੌਰ ਦੇ ਪਿਤਾ ਅਮਰਜੀਤ ਸਿੰਘ ਹੀ ਹਨ ਪਰ ਉਸ ਨੇ ਨਾਮਜ਼ਦਗੀ ਪੱਤਰ 'ਚ ਆਪਣੇ ਪਿਤਾ ਦਾ ਨਾਂ ਦਰਸ਼ਨ ਸਿੰਘ ਦੱਸਿਆ ਹੈ, ਜਿਨ੍ਹਾਂ ਦੀ ਉਹ ਅਸਲ ਔਲਾਦ ਹੈ।

ਗਰੇਵਾਲ ਨੇ ਅਡਾਪਸ਼ਨ ਕਾਨੂੰਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਜਦੋਂ ਕਾਨੂੰਨ ਦੇ ਤਹਿਤ ਉਨ੍ਹਾਂ ਨੂੰ ਗੋਦ ਲਿਆ ਗਿਆ ਹੈ ਤਾਂ ਅਮਰਜੀਤ ਸਿੰਘ ਹੀ ਉਨ੍ਹਾਂ ਦੇ ਪਿਤਾ ਹਨ, ਅਜਿਹੇ 'ਚ ਉਨ੍ਹਾਂ ਦੀ ਨਾਮਜ਼ਦਗੀ ਰੱਦ ਮੰਨੀ ਜਾਣੀ ਚਾਹੀਦੀ ਹੈ। ਹਾਈਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਲੈਕਸ਼ਨ ਕਮਿਸ਼ਨ ਅਤੇ ਬਠਿੰਡਾ ਦੇ ਡੀ. ਸੀ. ਨੂੰ ਹੁਕਮ ਜਾਰੀ ਕੀਤੇ ਹਨ ਕਿ 3 ਦਿਨਾਂ ਦੇ ਅੰਦਰ ਗਰੇਵਾਲ ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਫੈਸਲਾ ਲੈਣ। ਇਸ ਤੋਂ ਪਹਿਲਾਂ ਗਰੇਵਾਲ ਨੇ ਬਲਜਿੰਦਰ ਕੌਰ 'ਤੇ ਦੋ ਵੋਟਰ ਕਾਰਡ ਬਣਵਾਉਣ ਦਾ ਵੀ ਦੋਸ਼ ਲਾਇਆ ਸੀ।

cherry

This news is Content Editor cherry