ਬਠਿੰਡਾ 'ਚ 'ਆਪ' ਆਗੂ ਦੀ ਟ੍ਰੈਫਿਕ ਪੁਲਸ ਨਾਲ ਝੜਪ (ਵੀਡੀਓ)

08/17/2019 2:49:03 PM

ਬਠਿੰਡਾ (ਅਮਿਤ ਸ਼ਰਮਾ, ਬਲਵਿੰਦਰ) : ਬਠਿੰਡਾ 'ਚ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਜੀਂਦਾ ਦੀ ਟ੍ਰੈਫਿਕ ਪੁਲਸ ਨਾਲ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ, ਜਿਸ ਕਾਰਣ ਵਕੀਲਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਸ ਮੁਲਾਜ਼ਮ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਬਾਰ ਐਸੋਸੀਏਸ਼ਨ ਦਾ ਸਾਬਕਾ ਪ੍ਰਧਾਨ ਵਕੀਲ ਨਵਦੀਪ ਸਿੰਘ ਜੀਦਾ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲਾ ਬਠਿੰਡਾ ਅਜੀਤ ਰੋਡ 'ਤੇ ਆ ਰਿਹਾ ਸੀ। ਟ੍ਰੈਫਿਕ ਹੌਲਦਾਰ ਰਣਜੀਤ ਸਿੰਘ ਨੇ ਪ੍ਰਧਾਨ ਨੂੰ ਵਨ-ਵੇ ਰੋਡ 'ਤੇ ਜਾਣ ਤੋਂ ਰੋਕਿਆ। ਇਸ ਗੱਲ ਨੂੰ ਲੈ ਕੇ ਪ੍ਰਧਾਨ ਤੇ ਹੌਲਦਾਰ ਵਿਚਕਾਰ ਗਰਮਾ-ਗਰਮੀ ਹੋ ਗਈ। ਇਸ ਦੌਰਾਨ ਪ੍ਰਧਾਨ ਨੇ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਕਰਨੀ ਚਾਹੀ, ਜਦਕਿ ਹੌਲਦਾਰ ਉਸਦੀ ਵੀਡੀਓ ਬਣਾਉਣ ਲੱਗਾ। ਪ੍ਰਧਾਨ ਨੇ ਹੱਥ ਮਾਰ ਕੇ ਉਸਦਾ ਮੋਬਾਇਲ ਸੁੱਟ ਦਿੱਤਾ। ਅੰਤ ਦੋਵੇਂ ਧਿਰਾਂ ਹੱਥੋਪਾਈ 'ਤੇ ਉਤਰ ਆਈਆਂ ਤੇ ਮਾਮਲਾ ਕੁੱਟ-ਮਾਰ ਤੱਕ ਪਹੁੰਚ ਗਿਆ। ਫਿਰ ਲੋਕਾਂ ਨੇ ਵਿਚਕਾਰ ਹੋ ਕੇ ਮਾਮਲਾ ਸ਼ਾਂਤ ਕੀਤਾ। ਮੌਕੇ 'ਤੇ ਪੁਲਸ ਪਹੁੰਚ ਗਈ ਤੇ ਨਵਦੀਪ ਸਿੰਘ ਜੀਦਾ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸਿਵਲ ਲਾਈਨ ਵਿਖੇ ਲੈ ਗਈ।



ਘਟਨਾ ਦਾ ਪਤਾ ਲੱਗਣ 'ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਦੀ ਅਗਵਾਈ 'ਚ ਵਕੀਲ ਐੱਸ. ਐੱਸ. ਪੀ. ਬਠਿੰਡਾ ਦੇ ਦਫ਼ਤਰ ਪਹੁੰਚੇ, ਜਿਥੇ ਧਰਨਾ ਦੇ ਕੇ ਪੁਲਸ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਹੌਲਦਾਰ ਨੂੰ ਮੁਅੱਤਲ ਕਰਨ ਅਤੇ ਜੀਦਾ ਵਿਰੁੱਧ ਕੇਸ ਖਾਰਿਜ ਕਰਨ ਦੀ ਮੰਗ ਕੀਤੀ। ਵਕੀਲਾਂ ਨਾਲ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਧਰਨੇ ਅਤੇ ਹੜਤਾਲ ਦੀ ਚਿਤਾਵਨੀ ਦਿੱਤੀ।

ਨਵਦੀਪ ਸਿੰਘ ਜੀਦਾ ਦਾ ਕਹਿਣਾ ਹੈ ਕਿ ਟ੍ਰੈਫਿਕ ਮੁਲਾਜ਼ਮ ਨੇ ਉਸ ਨਾਲ ਬਦਤਮੀਜ਼ੀ ਕੀਤੀ, ਜਿਸ 'ਤੇ ਉਸ ਨੇ ਪੁਲਸ ਅਧਿਕਾਰੀ ਨੂੰ ਫੋਨ ਕਰ ਕੇ ਉਸਦੀ ਸ਼ਿਕਾਇਤ ਕਰਨੀ ਚਾਹੀ। ਹੌਲਦਾਰ ਉਸਦੀ ਵੀਡੀਓ ਬਣਾਉਣ ਲੱਗਾ। ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਨੇ ਉਸਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਇਕੱਤਰ ਹੋਏ ਲੋਕਾਂ ਨੇ ਉਸ ਨੂੰ ਛੁਡਵਾਇਆ। ਹੋਰ ਤਾਂ ਹੋਰ ਬਾਅਦ ਵਿਚ ਆਈ ਪੁਲਸ ਪਾਰਟੀ ਨੇ ਵੀ ਉਸਦੀ ਕੁੱਟ-ਮਾਰ ਕੀਤੀ।

ਉਥੇ ਹੀ ਹੌਲਦਾਰ ਰਣਜੀਤ ਸਿੰਘ ਨੇ ਕਿਹਾ ਕਿ ਡਿਊਟੀ ਦੇ ਮੱਦੇਨਜ਼ਰ ਜੀਦਾ ਨੂੰ ਰੋਕਿਆ ਪਰ ਉਹ ਉਸ ਨਾਲ ਬਦਤਮੀਜ਼ੀ ਕਰਨ ਲੱਗਾ। ਉਸਨੇ ਵੀਡੀਓ ਬਣਾਉਣੀ ਚਾਹੀ ਤਾਂ ਜੀਦਾ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸਦੀ ਕੁੱਟ-ਮਾਰ ਕੀਤੀ ਗਈ ਤੇ ਵਰਦੀ ਵੀ ਪਾੜੀ। ਲੋਕਾਂ ਨੇ ਹੀ ਉਸ ਨੂੰ ਬਚਾਇਆ।

ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਸ਼ਾਂਤ ਸ਼ਰਮਾ ਨੇ ਕਿਹਾ ਕਿ ਮਾਮਲਾ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਪਹਿਲਾਂ ਹੌਲਦਾਰ ਨੇ ਧੱਕੇਸ਼ਾਹੀ ਕੀਤੀ ਅਤੇ ਫਿਰ ਪੁਲਸ ਪਾਰਟੀ ਨੇ ਵੀ ਜੀਦਾ ਨਾਲ ਬਦਤਮੀਜ਼ੀ ਕੀਤੀ। ਇਸ ਤੋਂ ਪਹਿਲਾਂ ਜੀਦਾ ਦਵਾਈ ਲੈਣ ਲਈ ਅਜੀਤ ਰੋਡ 'ਤੇ ਜਾ ਰਿਹਾ ਸੀ, ਜਿਸ ਨੂੰ ਹੌਲਦਾਰ ਨੇ ਰੋਕ ਦਿੱਤਾ। ਇਥੇ ਹੀ ਬੱਸ ਨਹੀਂ, ਸਗੋਂ ਹੌਲਦਾਰ ਨੇ ਜੀਦਾ ਨਾਲ ਬਦਤਮੀਜ਼ੀ ਵੀ ਕੀਤੀ, ਜਦਕਿ ਉਸ ਨੇ ਹੌਲਦਾਰ ਨੂੰ ਦੱਸਿਆ ਸੀ ਕਿ ਉਹ ਇਕ ਵਕੀਲ ਹੈ। ਪੁਲਸ ਨੇ ਹੌਲਦਾਰ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਜੀਦਾ ਨੂੰ ਨਾ ਸਿਰਫ ਗ੍ਰਿਫ਼ਤਾਰ ਕੀਤਾ, ਸਗੋਂ ਹਸਪਤਾਲ ਲਿਜਾਣ ਦੀ ਬਜਾਏ ਉਸ ਨੂੰ ਥਾਣੇ ਲਿਜਾਇਆ ਗਿਆ, ਜਿਸ ਨੂੰ ਕਾਫੀ ਸੱਟ ਲੱਗੀ ਸੀ। ਉਨ੍ਹਾਂ ਨੂੰ ਮਜਬੂਰਨ ਐੱਸ. ਐੱਸ. ਪੀ. ਦਫ਼ਤਰ ਸਾਹਮਣੇ ਧਰਨਾ ਦੇਣਾ ਪਿਆ। ਜੇਕਰ ਜੀਦਾ ਵਿਰੁੱਧ ਦਰਜ ਕੇਸ ਖਾਰਿਜ ਨਾ ਕੀਤਾ ਤੇ ਸਬੰਧਤ ਮੁਲਾਜ਼ਮ ਨੂੰ ਮੁਅੱਤਲ ਨਾ ਕੀਤਾ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

ਡਾ. ਨਾਨਕ ਸਿੰਘ ਐੱਸ. ਐੱਸ. ਪੀ. ਨੇ ਕਿਹਾ ਕਿ ਜੀਦਾ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ, ਜਦਕਿ ਮਾਮਲੇ ਦੀ ਜਾਂਚ ਐੱਸ. ਪੀ. ਸਿਟੀ ਨੂੰ ਸੌਂਪੀ ਗਈ ਹੈ। ਮਾਮਲੇ ਨੂੰ ਗੰਭੀਰਤਾ ਲੈਂਦਿਆਂ ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਜਿਹੜੀ ਵੀ ਧਿਰ ਦੋਸ਼ੀ ਪਾਈ ਜਾਂਦੀ ਹੈ, ਉਸ ਵਿਰੁੱਧ ਅਗਲੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

 

 

 

cherry

This news is Content Editor cherry