ਬਠਿੰਡਾ ਜ਼ਿਲ੍ਹੇ ''ਚ 59 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

08/22/2020 9:10:33 PM

ਬਠਿੰਡਾ, (ਬਲਵਿੰਦਰ)- ਬਠਿੰਡਾ ’ਚ ਕੋਰੋਨਾ ਮਹਾਮਾਰੀ ਦਾ ਖਤਰਾ ਬਰਕਰਾਰ ਹੈ, ਜਿਸਦੇ ਚਲਦਿਆਂ ਅੱਜ 59 ਕੇਸ ਹੋਰ ਕੋਰੋਨਾ ਪਾਜ਼ੇਟਿਵ ਆ ਗਏ ਹਨ। ਜਿਨ੍ਹਾਂ ਨੇ ਬਠਿੰਡਾ ਨੂੰ ਫਿਰ ਡਰਾਇਆ ਹੈ। ਇਸ ਲਈ ਇਥੇ ਕੁਝ ਹੋਰ ਨਵੇਂ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ, ਜਦਕਿ ਕੁਝ ਪੁਰਾਣੇ ਜ਼ੋਨਾਂ ਨੂੰ ਖਤਮ ਵੀ ਕੀਤਾ ਗਿਆ ਹੈ। ਹੁਣ ਤੱਕ ਬਠਿੰਡਾ ’ਚ 1891 ਪਾਜ਼ੇਟਿਵ ਕੇਸ ਆ ਚੁੱਕੇ ਹਨ, ਜਿਨ੍ਹਾਂ ’ਚੋਂ 920 ਠੀਕ ਹੋ ਕੇ ਘਰ ਜਾ ਚੁੱਕੇ ਹਨ ਤੇ 23 ਦੀ ਮੌਤ ਹੋ ਚੁੱਕੀ ਹੈ। ਜਦਕਿ 264 ਵਿਅਕਤੀਆਂ ਨੂੰ ਸਬੰਧਤ ਜ਼ਿਲਿਆਂ ’ਚ ਸਿਫ਼ਟ ਕਰ ਦਿੱਤਾ ਹੈ। ਹੁਣ ਬਠਿੰਡਾ ’ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 684 ਹੈ।

ਜ਼ਿਲੇ ’ਚ ਨਵੇਂ ਕੰਟੇਨਮੈਂਟ ਜ਼ੋਨ ਬਣਾਏ

ਅੱਜ ਇਥੇ ਜ਼ਿਲਾ ਮੈਜਿਸਟ੍ਰੇਟ-ਕਮ-ਡੀ. ਸੀ. ਬਠਿੰਡਾ ਬੀ. ਸ਼੍ਰੀਨਿਵਾਸਨ ਨੇ ਹੁਕਮ ਜਾਰੀ ਕਰਦਿਆਂ ਗਣਪਤੀ ਇਨਕਲੇਵ ਦੇ ਹਾਊਸ ਨੰਬਰ 401 ਤੋਂ 410, ਕਮਲਾ ਨਹਿਰੂ ਕਾਲੋਨੀ ਦੇ ਹਾਊਸ ਨੰਬਰ 200 ਤੋਂ 540, ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 3/6, ਐੱਚ. ਡੀ. ਐੱਫ. ਸੀ. ਬੈਂਕ ਰਾਮਪੁਰਾ ਫੂਲ ਅਤੇ ਸਾਈਂ ਮੰਦਰ ਗਲੀ ਰਾਮਪੁਰਾ ਫੂਲ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਜਿਥੇ ਕੋਰੋਨਾ ਪਾਜ਼ੇਟਿਵ ਕੇਸ ਆਏ ਸਨ। ਇਨ੍ਹਾਂ ਜ਼ੋਨਾਂ ਦੇ ਘਰ-ਘਰ ਜਾ ਕੇ ਸਾਰੇ ਵਿਅਕਤੀਆਂ ਦੇ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ।

ਇਸ ਤੋਂ ਇਲਾਵਾ ਡੀ. ਡੀ. ਮਿੱਤਲ ਟਾਵਰ, ਅਮਰਪੁਰਾ ਬਸਤੀ ਦੀ ਗਲੀ ਨੰ. 3 ਤੇ 5, ਜੋ ਪਹਿਲਾਂ ਕੰਟੇਨਮੈਂਟ ਜ਼ੋਨ ਹਨ, ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਹੈ। ਕਿਉਂਕਿ ਇਥੇ ਪਿਛਲੇ 10 ਦਿਨਾਂ ’ਚ ਕੋਈ ਵੀ ਕੇਸ ਨਹੀਂ ਆਇਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa