ਸਟੇਸ਼ਨ ''ਤੇ ਰੇਹੜੀ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ

07/14/2019 11:11:25 AM

ਬਠਿੰਡਾ(ਵਰਮਾ) : ਏਸ਼ੀਆ ਦੇ ਦੂਜੇ ਵੱਡੇ ਰੇਲਵੇ ਸਟੇਸ਼ਨ 'ਤੇ ਲਾਪ੍ਰਵਾਹੀ ਕਾਰਨ ਰੇਹੜੀ 'ਤੇ ਅਚਾਨਕ ਲੱਗੀ ਅੱਗ, ਜਦਕਿ ਇਸੇ ਸਟੇਸ਼ਨ 'ਤੇ ਜੈਪੁਰ ਜਾਣ ਵਾਲੀ ਖੜ੍ਹੀ ਗੱਡੀ ਉਸ ਦੀ ਲਪੇਟ 'ਚ ਆਉਣ ਤੋਂ ਬਚ ਗਈ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਘਟਨਾ ਸਵੇਰੇ 6 ਵਜੇ ਦੀ ਹੈ, ਜਦੋਂ ਬਠਿੰਡਾ ਤੋਂ ਜੈਪੁਰ ਜਾਣ ਵਾਲੀ ਰੇਲਗੱਡੀ ਪਲੇਟਫਾਰਮ ਨੰਬਰ-1 'ਤੇ ਖੜ੍ਹੀ ਸੀ ਅਤੇ ਉਸੇ ਪਲੇਟਫਾਰਮ 'ਤੇ ਇਕ ਵਿਅਕਤੀ 38 ਨੰਬਰ ਰੇਹੜੀ 'ਤੇ ਬ੍ਰੈੱਡ, ਪੂੜੀਆਂ ਤਲ ਰਿਹਾ ਸੀ। ਉਦੋਂ ਹੀ ਅਚਾਨਕ ਗੈਸ 'ਤੇ ਰੱਖੀ ਕੜਾਹੀ ਵਿਚ ਰੱਖੇ ਤੇਲ ਵਿਚ ਉਬਾਲ ਆ ਗਿਆ ਤੇ ਅਚਾਨਕ ਤੇਲ ਵਿਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਉਪਰ ਉਠਣ ਲੱਗੀਆਂ ਤਾਂ ਉਥੇ ਹੀ ਮੌਜੂਦ ਜੈਪੁਰ ਜਾਣ ਲਈ ਖੜ੍ਹੀ ਰੇਲਗੱਡੀ ਦੇ ਕੋਚ 'ਚੋਂ ਯਾਤਰੀ ਹੇਠਾਂ ਉਤਰਨ ਲੱਗੇ। ਲੋਕਾਂ ਨੇ ਮਿਲ ਕੇ ਉਸ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਇਸ ਸਬੰਧੀ ਸਟੇਸ਼ਨ ਸੁਪਰਟੈਂਡ ਰਾਮ ਕੁਮਾਰ ਮੀਨਾ ਦਾ ਕਹਿਣਾ ਹੈ ਕਿ ਇਹ ਮਾਮੂਲੀ ਘਟਨਾ ਸੀ। ਇਸ ਨਾਲ ਕੁਝ ਵੀ ਨੁਕਸਾਨ ਨਹੀਂ ਹੋਇਆ, ਅਚਾਨਕ ਤੇਲ ਨੂੰ ਅੱਗ ਲੱਗ ਗਈ ਸੀ, ਜਿਸ ਨੂੰ ਮੌਕੇ 'ਤੇ ਬੁਝਾ ਦਿੱਤਾ ਸੀ। ਆਰ. ਪੀ. ਐੱਫ. ਨੂੰ ਵੀ ਜਿਵੇਂ ਹੀ ਘਟਨਾ ਦਾ ਪਤਾ ਲੱਗਾ ਤਾਂ ਕੁਝ ਪੁਲਸ ਮੁਲਾਜ਼ਮ ਆਏ ਅਤੇ ਉਨ੍ਹਾਂ ਨੇ 1 ਨੰਬਰ ਪਲੇਟ ਫਾਰਮ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਉਦੋਂ ਤੱਕ ਅੱਗ ਬੁੱਝ ਚੁੱਕੀ ਸੀ।

cherry

This news is Content Editor cherry