ਸ੍ਰੀ ਹਰਿਮੰਦਰ ਸਾਹਿਬ ''ਤੇ ਹਮਲਾ ਕਰਵਾਉਣ ਵਾਲਿਆਂ ਨਾਲ ਸਟੇਜ ਸਾਂਝੀ ਨਹੀਂ ਕਰਾਂਗੇ : ਭਾਈ ਮੰਡ

09/22/2019 9:25:44 AM

ਬਠਿੰਡਾ (ਵਰਮਾ) : ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਨਨਕਾਣਾ ਸਾਹਿਬ ਜਾਣ ਲਈ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਇਆ ਜਾਣਾ ਸਿੱਖ ਕੌਮ ਲਈ ਕੌਮ ਲਈ ਮਾਣ ਵਾਲੀ ਗੱਲ ਹੈ। ਪ੍ਰਕਾਸ਼ ਦਿਹਾੜੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ 'ਤੇ ਚੱਲਣ ਦਾ ਪ੍ਰਣ ਲੈਣ ਲਈ ਹਰ ਘਰ ਵਿਚ ਦੀਪਮਾਲਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਿੱਖ ਸੰਗਤ ਨੂੰ ਲੈ ਕੇ ਧਾਰਮਿਕ ਸਮਾਗਮ ਕਰਨ ਦੀ ਤਿਆਰੀ ਕਰ ਰਹੇ ਹਨ ਪਰ ਉਹ ਦੱਸਣ ਕਿ ਗੁਰੂ ਘਰ ਦੀ ਬੇਅਦਬੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਵਾਉਣ ਵਾਲੇ ਸਿੱਖ ਪੰਥ ਦੇ ਦੋਸ਼ੀ ਇਸ ਧਾਰਮਿਕ ਸਟੇਜ 'ਤੇ ਸ਼ਾਮਲ ਹੋਣਗੇ?

ਭਾਈ ਮੰਡ ਨੇ ਕਿਹਾ ਕਿ ਜੇਕਰ ਇਹ ਲੋਕ ਸਟੇਜ 'ਤੇ ਆਏ ਤਾਂ ਸਰਬੱਤ ਖਾਲਸਾ ਦੇ ਆਗੂ ਇਹ ਸਟੇਜ ਕਦੇ ਸਾਂਝੀ ਨਹੀਂ ਕਰਨਗੇ। ਉਨ੍ਹਾਂ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪ੍ਰਕਾਸ਼ ਦਿਹਾੜੇ ਨੂੰ ਧੂਮਧਾਮ ਨਾਲ ਮਨਾਇਆ ਜਾਵੇ ਤੇ ਕੋਈ ਕਮੀ ਨਾ ਰਹੇ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਮਾਈ ਭਾਗੋ ਵਿਰੁੱਧ ਅਪਸ਼ਬਦ ਬੋਲੇ ਸੀ, ਜਿਸ 'ਤੇ ਉਨ੍ਹਾਂ ਨੇ ਮੁਆਫੀ ਮੰਗ ਲਈ, ਇਹ ਚੰਗੀ ਗੱਲ ਹੈ ਅਤੇ ਸੰਗਤ ਉਸ ਨੂੰ ਮੁਆਫ ਕਰ ਦੇਵੇਗੀ।

cherry

This news is Content Editor cherry