ਬਠਿੰਡਾ ਦੇ ਮਾਨਸਾ ਕਲਾਂ ਦੀ ਪੰਚਾਇਤ ਨੇ ਪਾਸ ਕੀਤੇ ਅਨੋਖੇ ਮਤੇ, ਉਲੰਘਣਾ ਕਰਨ ’ਤੇ ਹੋਵੇਗਾ ਭਾਰੀ ਜੁਰਮਾਨਾ

05/12/2022 4:40:59 PM

ਬਠਿੰਡਾ (ਵੈੱਬ ਡੈਸਕ, ਵਰਮਾ ) : ਬੀਤੇ ਦਿਨੀਂ ਮਜ਼ਦੂਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਮਜ਼ਦੂਰੀ ਦੇ ਤੈਅ ਕੀਤੇ ਰੇਟਾਂ ਤੋਂ ਬਾਅਦ ਹੁਣ ਕਈ ਪਿੰਡਾਂ ਦੀਆ ਪੰਚਾਇਤਾਂ ਅਤੇ ਕਿਸਾਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ | ਇਸੇ ਤਹਿਤ ਮਾਨਸਾ ਕਲਾਂ ਦੀ ਪੰਚਾਇਤ ਵੱਲੋਂ ਝੋਨੇ ਦੀ ਲੁਆਈ, ਨਰਮਾ ਚੁਗਾਈ ਅਤੇ ਹੋਰ ਮਜ਼ਦੂਰੀ ਦੀਆਂ ਕੀਮਤਾਂ ਤੈਅ ਕੀਤੀਆਂ ਗਈਆ ਹਨ, ਜਿਨ੍ਹਾਂ ਦੇ ਮਤੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਜਾਣਕਾਰੀ ਅਨੁਸਾਰ ਮਾਨਸਾ ਕਲਾਂ ਦੀ ਪੰਚਾਇਤ ਵੱਲੋਂ ਮਜ਼ਦੂਰਾਂ ਦੀ ਦਿਹਾੜੀ 300, ਮਿਸਤਰੀ ਦੀ ਦਿਹਾੜੀ 600, ਔਰਤਾਂ ਦੀ ਦਿਹਾੜੀ 250, ਝੋਨੇ ਦੀ ਲਵਾਈ 3500 ਕੀਤੀ ਗਈ ਹੈ | ਇਸ ਤੋਂ ਇਲਾਵਾ ਪੰਚਾਇਤ ਦੇ ਉਕਤ ਫ਼ੈਸਲੇ ਦੀ ਉਲੰਘਣਾ ਕਰਨ ਵਾਲਿਆਂ ਨੂੰ 20 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ |

ਇਸੇ ਤਰ੍ਹਾਂ ਮਜ਼ਦੂਰਾਂ ਦੇ ਖੇਤਾਂ ਵਿਚ ਦਾਖਲ ਹੋਣ ’ਤੇ ਵੀ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ | ਇਸ ਕਾਰਨ ਹੁਣ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਆਪਸੀ ਵਿਰੋਧ ਵਧਦਾ ਜਾ ਰਿਹਾ ਹੈ | ਦੋਵਾਂ ਧਿਰਾਂ ਵੱਲੋਂ ਪਾਏ ਜਾ ਰਹੇ ਫੈਸਲਿਆਂ ਕਾਰਨ ਆਮ ਲੋਕਾਂ ’ਚ ਚਰਚਾ ਜ਼ੋਰਾਂ ’ਤੇ ਹੈ, ਜੋ ਦੋਵਾਂ ਧਿਰਾਂ ’ਤੇ ਸਵਾਲ ਖੜ੍ਹੇ ਕਰ ਰਹੇ ਹਨ | ਉਧਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਉਕਤ ਪਾਏ ਜਾ ਰਹੇ ਮਤੇ ਬਿਲਕੁਲ ਗ਼ਲਤ ਹਨ, ਜਿਨ੍ਹਾਂ ਦਾ ਅਸੀਂ ਪੂਰਨ ਤੌਰ ’ਤੇ ਵਿਰੋਧ ਕਰਦੇ ਹਾਂ | ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ ਅਤੇ ਮਹਿੰਗਾਈ ਦੇ ਹਿਸਾਬ ਨਾਲ ਕੀਮਤਾਂ ਨੂੰ ਵੀ ਵਧਾਉਣਾ ਚਾਹੀਦਾ ਹੈ |


Manoj

Content Editor

Related News