ਬਾਰਿਸ਼ ਕਾਰਨ ਹੇਠਲੇ ਇਲਾਕਿਆਂ ''ਚ ਭਰਿਆ ਪਾਣੀ, ਮੌਸਮ ''ਚ ਵਧੇਗੀ ਠੰਡਕ

09/23/2019 12:00:08 PM

ਬਠਿੰਡਾ (ਪਰਮਿੰਦਰ) : ਬਠਿੰਡਾ ਤੇ ਆਸ-ਪਾਸ ਦੇ ਇਲਾਕਿਆਂ 'ਚ ਐਤਵਾਰ ਨੂੰ ਹੋਈ ਬਾਰਿਸ਼ ਨੇ ਇਕ ਵਾਰ ਫਿਰ ਤੋਂ ਪੂਰੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਸ਼ਹਿਰ ਦੇ ਵੱਖ-ਵੱਖ ਹੇਠਲੇ ਇਲਾਕਿਆਂ 'ਚ ਬਾਰਿਸ਼ ਦਾ ਪਾਣੀ ਭਰ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਹੋਵੇਗੀ ਤੇ ਲੋਕਾਂ ਨੂੰ ਅੱਤ ਦੀ ਧੁੱਪ ਤੇ ਗਰਮੀ ਤੋਂ ਰਾਹਤ ਮਿਲੇਗੀ। ਐਤਵਾਰ ਨੂੰ ਬਾਅਦ ਦੁਪਹਿਰ ਸ਼ੁਰੂ ਹੋਈ ਬਾਰਿਸ਼ ਕਰੀਬ ਇਕ ਘੰਟੇ ਤਕ ਜਾਰੀ ਰਹੀ। ਇਸ ਕਾਰਨ ਸ਼ਹਿਰ ਦੇ ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ, ਅਮਰੀਕ ਸਿੰਘ ਰੋਡ, ਮਾਲ ਰੋਡ, ਪਰਸਰਾਮ ਨਗਰ, ਭੱਟੀ ਰੋਡ, ਸਬਜ਼ੀ ਮੰਡੀ ਤੇ ਹੋਰ ਇਲਾਕਿਆਂ 'ਚ 2-2 ਫੁੱਟ ਤਕ ਪਾਣੀ ਭਰ ਗਿਆ। ਪਾਣੀ ਭਰਨ ਕਾਰਨ ਵਾਹਨ ਚਾਲਕਾਂ ਖਾਸ ਕਰ ਕੇ ਦੋ ਚੱਕਾ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਆਈਆਂ।

ਸੰਡੇ ਬਾਜ਼ਾਰ 'ਤੇ ਫਿਰਿਆ ਬਾਰਿਸ਼ ਦਾ ਪਾਣੀ
ਅਮਰੀਕ ਸਿੰਘ ਰੋਡ 'ਤੇ ਐਤਵਾਰ ਨੂੰ ਲੱਗਣ ਵਾਲੇ ਬਾਜ਼ਾਰ ਨੂੰ ਬਾਰਿਸ਼ ਦੇ ਪਾਣੀ ਨੇ ਧੋ ਦਿੱਤਾ। ਬਾਰਿਸ਼ ਸ਼ੁਰੂ ਹੁੰਦੇ ਹੀ ਬਾਜ਼ਾਰ 'ਚ ਹੜਕੰਪ ਮਚ ਗਿਆ, ਕਿਉਂਕਿ ਉਕਤ ਬਾਜ਼ਾਰ 'ਚ ਸਾਰਾ ਸਾਮਾਨ ਬਾਹਰ ਖੁੱਲ੍ਹੇ 'ਚ ਰੱਖ ਕੇ ਹੀ ਵੇਚਿਆ ਜਾਂਦਾ ਹੈ। ਬਾਰਿਸ਼ ਸ਼ੁਰੂ ਹੋਣ 'ਤੇ ਦੁਕਾਨਦਾਰਾਂ ਨੇ ਤੁਰੰਤ ਆਪਣਾ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ 'ਚ ਬਾਜ਼ਾਰ ਦੇ ਚਾਰੇ-ਪਾਸੇ ਭਾਰੀ ਮਾਤਰਾ 'ਚ ਬਾਰਿਸ਼ ਦਾ ਪਾਣੀ ਜਮ੍ਹਾ ਹੋ ਗਿਆ, ਜਿਸ ਕਾਰਨ ਕੋਈ ਗਾਹਕ ਵੀ ਬਾਜ਼ਾਰ 'ਚ ਨਹੀਂ ਪੁੱਜਾ। ਬੇਸ਼ੱਕ ਐਤਵਾਰ ਹੋਣ ਕਾਰਨ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਪਰ ਫਿਰ ਵੀ ਬਾਰਿਸ਼ ਕਾਰਨ ਕੁਝ ਦੁਕਾਨਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ।

ਫਸਲਾਂ ਲਈ ਨੁਕਸਾਨਦਾਇਕ ਹੈ ਬਾਰਿਸ਼
ਇਨ੍ਹੀਂ ਦਿਨੀਂ ਹੋਣ ਵਾਲੀ ਬਾਰਿਸ਼ ਫਸਲਾਂ ਲਈ ਨੁਕਸਾਨਦਾਇਕ ਕਰਾਰ ਦਿੱਤੀ ਗਈ ਹੈ। ਭਾਕਿਯੂ ਲੱਖੋਵਾਲ ਦੇ ਜ਼ਿਲਾ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਝੋਨੇ ਦੀ ਫਸਲ ਪੱਕਣ ਦੇ ਕਗਾਰ 'ਤੇ ਹੈ, ਜਦਕਿ ਕਪਾਹ ਦੀ ਫਸਲ ਨੂੰ ਵੀ ਫਲ ਲੱਗ ਚੁੱਕਾ ਹੈ। ਅਜਿਹੇ 'ਚ ਹੋਣ ਵਾਲੀ ਬਾਰਿਸ਼ ਦੋਨਾਂ ਹੀ ਫਸਲਾਂ ਦਾ ਭਾਰੀ ਨੁਕਸਾਨ ਕਰੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਫਸਲਾਂ ਨੂੰ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਕਾਰਨ ਬਾਰਿਸ਼ ਦੇ ਇਸ ਮੌਸਮ ਨੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ।

cherry

This news is Content Editor cherry