ਬਿਨਾਂ ਮਨਜ਼ੂਰੀ ਪਾਕਿਸਤਾਨ ਗਈ ਕਬੱਡੀ ਟੀਮ 'ਤੇ ਡਿਗੇਗੀ ਗਾਜ

02/14/2020 9:52:31 AM

ਬਠਿੰਡਾ (ਵਰਮਾ) : ਪੰਜਾਬ ਸਮੇਤ ਹੋਰ ਸੂਬਿਆਂ ਤੋਂ ਪਾਕਿਸਤਾਨ ਸਥਿਤ ਕਬੱਡੀ ਪ੍ਰਤੀਯੋਗਤਾ 'ਚ ਭਾਗ ਲੈਣ ਲਈ 48 ਖਿਡਾਰੀ 9 ਫਰਵਰੀ ਨੂੰ ਪਾਕਿਸਤਾਨ ਗਏ ਸੀ, ਜਿਨ੍ਹਾਂ 'ਤੇ ਉਮਰ ਭਰ ਲਈ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪੰਜਾਬ ਕਬੱਡੀ ਐਸੋਸੀਏਸ਼ਨ 'ਤੇ ਵੀ ਕਾਰਵਾਈ ਪੱਕੀ ਹੈ। ਕਬੱਡੀ ਟੀਮ ਵਿਚ 4 ਸਰਕਾਰੀ ਮੁਲਾਜ਼ਮ ਵੀ ਸ਼ਾਮਲ ਸਨ ਜਿਨ੍ਹਾਂ ਵਿਚ ਵਿਭਾਗ ਦੇ ਸਹਾਇਕ ਸਿੱਖਿਆ ਗੁਰਪ੍ਰੀਤ ਸਿੰਘ, ਭੂ-ਰੱਖਿਆ ਵਿਭਾਗ ਦੇ ਕਰਮਚਾਰੀ ਹਰਪ੍ਰੀਤ ਬਾਵਾ ਸਮੇਤ ਦੋ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਇਨ੍ਹਾਂ ਦੀ ਨੌਕਰੀ ਵੀ ਖਤਰੇ ਵਿਚ ਹੈ, ਪੰਜਾਬ ਸਰਕਾਰ ਇਨ੍ਹਾਂ 'ਤੇ ਕਾਰਵਾਈ ਕਰਨ ਦੀ ਤਿਆਰੀ 'ਚ ਹੈ। ਪਾਕਿਸਤਾਨ ਦੇ ਮੁਹੰਮਦ ਸਰਵਰ ਰਾਣਾ ਵੱਲੋਂ ਵਿਸ਼ਵ ਕਬੱਡੀ ਪ੍ਰਤੀਯੋਗਤਾ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਪੰਜਾਬ ਤੋਂ 60 ਨਾਵਾਂ ਦੀ ਸੂਚੀ ਗਈ ਸੀ, ਜਿਨ੍ਹਾਂ ਵਿਚ 48 ਚਲੇ ਗਏ ਪਰ 12 ਪ੍ਰਬੰਧਕ ਜਿਨ੍ਹਾਂ ਦੇ ਵੀਜ਼ੇ ਵੀ ਲਗ ਚੁੱਕੇ ਸਨ, ਨਹੀਂ ਗਏ।

ਪੰਜਾਬ ਕਬੱਡੀ ਐਸੋ. ਦੇ ਪ੍ਰਧਾਨ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਹਨ, ਜਦਕਿ ਮੈਨੇਜਰ ਤਜਿੰਦਰ ਸਿੰਘ ਮਿੱਡਾ ਖੇੜਾ ਹੈ। ਪਾਕਿਸਤਾਨ ਵਿਚ ਜਿਵੇਂ ਹੀ ਕਬੱਡੀ ਮੈਚ ਦਾ ਐਲਾਨ ਹੋਇਆ ਤਾਂ ਪੰਜਾਬ ਕਬੱਡੀ ਐਸੋ. ਵੱਲੋਂ ਪ੍ਰਧਾਨ ਦੇ ਦਸਤਖਤਾਂ ਸਮੇਤ ਇਕ ਪੱਤਰ ਵੀ ਪਾਕਿਸਤਾਨ ਭੇਜਿਆ ਗਿਆ ਸੀ, ਜਿਸ ਵਿਚ ਕਬੱਡੀ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਨਾਂ ਸੀ। ਪਾਕਿਸਤਾਨ ਸਰਕਾਰ ਨੇ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਤੁਰੰਤ ਵੀਜ਼ਾ ਦਿੱਤਾ ਅਤੇ ਇਹ ਖਿਡਾਰੀ ਸਰਕਾਰ ਨੂੰ ਬਿਨਾਂ ਦੱਸੇ ਪਾਕਿਸਤਾਨ ਚਲੇ ਗਏ। ਇਥੋਂ ਤੱਕ ਕਿ ਖੁਫੀਆ ਵਿਭਾਗ ਨੂੰ ਵੀ ਇਸਦੀ ਭਿਣਕ ਨਹੀਂ ਲੱਗੀ ਪਰ ਮੀਡੀਆ ਵਿਚ ਖਬਰ ਆਉਣ ਤੋਂ ਬਾਅਦ ਸਾਰਿਆਂ ਦੇ ਹੱਥ-ਪੈਰ ਫੁਲਣ ਲੱਗੇ। ਹੁਣ ਜਦਕਿ ਕੇਂਦਰ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ 'ਤੇ ਸਖਤ ਐਕਸ਼ਨ ਲੈਂਦਿਆਂ ਪਾਕਿਸਤਾਨ ਗਏ ਸਾਰੇ ਖਿਡਾਰੀਆਂ 'ਤੇ ਉਮਰ ਭਰ ਕਬੱਡੀ ਖੇਡ ਵਿਚ ਭਾਗ ਲੈਣ 'ਤੇ ਪਾਬੰਦੀ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਦਕਿ ਪੰਜਾਬ ਸਰਕਾਰ ਨੂੰ ਵੀ ਮੁਲਾਜ਼ਮਾਂ 'ਤੇ ਸ਼ਿਕੰਜਾ ਕਸਦੇ ਹੋਏ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਨ ਲਈ ਮੀਟਿੰਗ ਬੁਲਾਈ। ਕਿਸੇ ਵੀ ਸਮੇਂ ਇਨ੍ਹਾਂ ਖਿਡਾਰੀਆਂ 'ਤੇ ਗਾਜ ਡਿੱਗ ਸਕਦੀ ਹੈ। ਜਦਕਿ ਖੁਫੀਆ ਤੰਤਰ ਨੇ ਵੀ ਇਨ੍ਹਾਂ 'ਤੇ ਪੂਰੀ ਨਜ਼ਰ ਰੱਖੀ ਹੋਈ ਹੈ। ਜਿਵੇਂ ਹੀ ਪਾਕਿਸਤਾਨ ਵਿਚ ਕਬੱਡੀ ਪ੍ਰਤੀਯੋਗਤਾ ਦਾ ਐਲਾਨ ਹੋਇਆ ਤਾਂ ਭਾਰਤ ਤੋਂ ਗਏ ਖਿਡਾਰੀਆਂ ਨੇ ਤਿਰੰਗਾ ਲਹਿਰਾਉਂਦੇ ਹੋਏ ਮਾਰਚ ਪਾਸਟ ਕੀਤਾ। ਉਨ੍ਹਾਂ ਬਿਨਾਂ ਕੋਈ ਮਨਜ਼ੂਰੀ ਦੇ ਹੀ ਤਿਰੰਗੇ ਨੂੰ ਲਹਿਰਾਇਆ ਇਸ 'ਤੇ ਵੀ ਕਾਰਵਾਈ ਪੱਕੀ ਹੈ।

ਕੀ ਕਹਿਣਾ ਹੈ ਐਸੋ. ਦੇ ਪ੍ਰਧਾਨ ਦਾ
ਇਸ ਸਬੰਧੀ ਪੰਜਾਬ ਕਬੱਡੀ ਐਸੋ. ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ 'ਤੇ ਵਿਸ਼ਵ ਕਬੱਡੀ ਮੈਚ ਦੀ ਘੋਸ਼ਣਾ ਕੀਤੀ ਸੀ, ਜਿਸ ਕਰ ਕੇ ਉਨ੍ਹਾਂ ਨੇ ਵੀ ਖਿਡਾਰੀਆਂ ਦੇ ਨਾਂ ਲਿਖ ਕੇ ਭੇਜੇ ਸੀ। ਮਲੂਕਾ ਨੇ ਕਿਹਾ ਕਿ ਪਰ ਜਦੋਂ ਤੱਕ ਪਤਾ ਲੱਗਾ ਕਿ ਇਹ ਵਿਸ਼ਵ ਕਬੱਡੀ ਨਹੀਂ ਬਲਕਿ ਏਸ਼ੀਅਨ ਕਬੱਡੀ ਦੇ ਜਨਰਲ ਸਕੱਤਰ ਮੁਹੰਮਦ ਸਰਵਰ ਰਾਣਾ ਇਹ ਕਲੱਬ ਪ੍ਰਤੀਯੋਗਤਾ ਕਰਵਾ ਰਹੇ ਹਨ ਤਾਂ ਉਨ੍ਹਾਂ ਨੇ ਇਨ੍ਹਾਂ ਮੈਚਾਂ ਵਿਚ ਭਾਗ ਲੈਣ ਤੋਂ ਮਨ੍ਹਾ ਕਰ ਦਿਤਾ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਵਿਚ ਕਬੱਡੀ ਮੈਚ ਹੁੰਦੇ ਹਨ ਤਾਂ ਟੀਮਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਜਿਸ ਵਿਚ ਖਿਡਾਰੀਆਂ ਨੂੰ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਖਿਡਾਰੀ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਆਦਿ ਸਥਾਨਾਂ 'ਤੇ ਮੈਚ ਖੇਡ ਚੁੱਕੇ ਹਨ। ਪਾਕਿਸਤਾਨ ਵੱਲੋਂ ਵੀਜ਼ਾ ਲਾਏ ਜਾਣ 'ਤੇ ਮਲੂਕਾ ਨੇ ਕਿਹਾ ਕਿ ਵੀਜ਼ੇ ਤਾਂ ਲਗਦੇ ਰਹਿੰਦੇ ਹਨ। ਜੇਕਰ ਇਹ ਵਿਸ਼ਵ ਕਬੱਡੀ ਮੈਚ ਹੁੰਦਾ ਤਾਂ ਹਰੇਕ ਦੇਸ਼ ਦੀ ਇਕ ਟੀਮ ਖੇਡਦੀ ਤਾਂ ਇਸ ਨੂੰ ਪ੍ਰਤੀਯੋਗਤਾ ਮੰਨਿਆ ਜਾਂਦਾ ਪਰ 2-2 ਜਾਂ 4-4 ਪਲੇਅਰ ਲੈ ਕੇ ਟੀਮ ਤਿਆਰ ਕਰਨਾ ਤਾਂ ਕਲੱਬ ਮੈਚ ਹੁੰਦਾ ਹੈ ਇਸ ਲਈ ਉਹ ਇਸ ਦੇ ਹੱਕ ਵਿਚ ਨਹੀਂ।

cherry

This news is Content Editor cherry