ਪੰਜਾਬ ਦੇ ਦੋ ਲੱਖ ਕਿਸਾਨਾਂ ਨੂੰ ਨਹੀਂ ਮਿਲੇ ''PM ਕਿਸਾਨ ਯੋਜਨਾ'' ਦੇ ਪੈਸੇ

06/26/2019 1:11:07 PM

ਬਠਿੰਡਾ (ਵੈੱਬ ਡੈਸਕ) : ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ ਐਲਾਨੀ ਗਈ ਸੀ। ਚੋਣਾਂ ਦੌਰਾਨ ਹੀ ਕਿਸਾਨਾਂ ਦੇ ਖਾਤਿਆਂ ਵਿਚ ਇਸ ਸਕੀਮ ਦਾ ਪੈਸਾ ਧੜਾਧੜ ਡਿੱਗਾ ਸੀ ਪਰ ਪੰਜਾਬ ਦੇ ਕਰੀਬ ਦੋ ਲੱਖ ਕਿਸਾਨਾਂ ਦੇ ਬੋਝੇ ਖਾਲੀ ਹਨ, ਜਿਨ੍ਹਾਂ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 6 ਹਜ਼ਾਰੀ ਸਕੀਮ ਦੇ ਪੈਸੇ ਨਹੀਂ ਪੁੱਜੇ ਹਨ। ਦੱਸਣਯੋਗ ਹੈ ਕਿ ਇਸ ਕੇਂਦਰੀ ਸਕੀਮ ਤਹਿਤ ਕਿਸਾਨਾਂ ਨੂੰ 3 ਕਿਸ਼ਤਾਂ ਵਿਚ 6 ਹਜ਼ਾਰ ਰੁਪਏ ਸਾਲਾਨਾ ਰਾਸ਼ੀ ਸਿੱਧੀ ਬੈਂਕ ਖਾਤੇ ਵਿਚ ਪਾਈ ਜਾਣੀ ਹੈ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਕੋਲ ਹੁਣ ਤੀਜੀ ਕਿਸ਼ਤ ਦੀ ਰਾਸ਼ੀ ਪੁੱਜ ਗਈ ਹੈ। ਦੋ ਕਿਸ਼ਤਾਂ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਪੈ ਚੁੱਕੀ ਹੈ।

ਕੇਂਦਰੀ ਖੇਤੀ ਮੰਤਰਾਲੇ ਅਨੁਸਾਰ ਪੰਜਾਬ ਵਿਚ ਇਸ ਕੇਂਦਰੀ ਸਕੀਮ ਦੇ 13.35 ਲੱਖ ਕਿਸਾਨ ਲਾਭਪਾਤਰੀ ਹਨ, ਜਿਨ੍ਹਾਂ ਨੂੰ 2 ਕਿਸ਼ਤਾਂ ਰਾਹੀਂ ਹੁਣ ਤੱਕ 484 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਕਿਸਾਨਾਂ ਨੂੰ ਸਾਲਾਨਾ 801.36 ਕਰੋੜ ਦਾ ਲਾਭ ਮਿਲਣਾ ਹੈ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਦੇ ਕੁੱਲ 13.35 ਲੱਖ ਕਿਸਾਨਾਂ ਵਿਚੋਂ ਪਹਿਲੀ ਕਿਸ਼ਤ ਦੀ ਰਾਸ਼ੀ 12.75 ਲੱਖ ਕਿਸਾਨਾਂ ਨੂੰ ਪ੍ਰਾਪਤ ਹੋਈ ਹੈ ਅਤੇ 60,161 ਕਿਸਾਨ ਇਸ ਪਹਿਲੀ ਕਿਸ਼ਤ ਤੋਂ ਵਾਂਝੇ ਰਹੇ ਹਨ। ਦੂਜੀ ਕਿਸ਼ਤ ਦੀ ਰਾਸ਼ੀ 11.44 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਪੁੱਜੀ ਹੈ, ਜਿਸ ਦਾ ਮਤਲਬ ਹੈ ਕਿ ਦੂਜੀ ਕਿਸ਼ਤ ਦੀ ਰਾਸ਼ੀ ਲੈਣ ਤੋਂ 1.90 ਲੱਖ ਕਿਸਾਨ ਵਾਂਝੇ ਰਹਿ ਗਏ ਹਨ।

ਵੱਡੀ ਸੱਟ ਸਰਹੱਦੀ ਜ਼ਿਲਿਆਂ ਦੇ ਕਿਸਾਨਾਂ ਨੂੰ ਵੱਜੀ ਹੈ। ਦੂਜੀ ਕਿਸ਼ਤ ਲੈਣ ਤੋਂ ਖੁੰਝੇ ਕਿਸਾਨਾਂ ਵਿਚੋਂ 60 ਫੀਸਦੀ ਕਿਸਾਨ ਤਾਂ ਇਕੱਲੇ ਪੰਜ ਸਰਹੱਦੀ ਜ਼ਿਲਿਆਂ ਦੇ ਹਨ। ਫਾਜ਼ਿਲਕਾ ਜ਼ਿਲੇ ਵਿਚ ਇਸ ਸਕੀਮ ਦੇ ਕੁੱਲ 1.14 ਲੱਖ ਲਾਭਪਾਤਰੀ ਹਨ, ਜਿਨ੍ਹਾਂ ਵਿਚੋਂ 43,331 ਕਿਸਾਨਾਂ ਨੂੰ ਦੂਜੀ ਕਿਸ਼ਤ ਮਿਲੀ ਨਹੀਂ ਹੈ ਅਤੇ ਫਿਰੋਜ਼ਪੁਰ ਦੇ ਕੁੱੱਲ 90,555 ਲਾਭਪਾਤਰੀਆਂ ਵਿਚੋਂ 30,326 ਕਿਸਾਨਾਂ ਦੇ ਖਾਤੇ ਖਾਲੀ ਖੜਕ ਰਹੇ ਹਨ। ਗੁਰਦਾਸਪੁਰ ਜ਼ਿਲੇ ਦੇ 16074 ਅਤੇ ਤਰਨਤਾਰਨ ਦੇ 13083 ਕਿਸਾਨਾਂ ਨੂੰ ਦੂਜੀ ਕਿਸ਼ਤ ਮਿਲੀ ਨਹੀਂ ਹੈ। ਬਹੁਤੇ ਕਿਸਾਨ ਇਸ ਤੋਂ ਬੇਖਬਰ ਵੀ ਹਨ। ਸਰਕਾਰੀ ਸੂਤਰ ਦੱਸਦੇ ਹਨ ਕਿ ਅਸਲ ਵਿਚ ਜਦੋਂ ਇਸ ਕੇਂਦਰੀ ਸਕੀਮ ਤਹਿਤ ਡਾਟਾ ਅਪਲੋਡ ਕੀਤਾ ਗਿਆ, ਉਸ ਵਿਚ ਤਕਨੀਕੀ ਗਲਤੀ ਰਹਿ ਗਈ ਹੈ।

ਮਿਸਾਲ ਦੇ ਤੌਰ 'ਤੇ ਕਿਸਾਨਾਂ ਦੇ ਨਾਮ, ਬੈਂਕ ਖਾਤੇ ਅਤੇ ਆਧਾਰ ਕਾਰਡ ਆਪਸ ਵਿਚ ਮੇਲ ਨਹੀਂ ਖਾ ਰਹੇ ਹਨ, ਜਿਸ ਕਰਕੇ ਅਜਿਹੇ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੀ ਰਾਸ਼ੀ ਪਾਈ ਨਹੀਂ ਜਾ ਸਕੀ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਕਿਸਾਨਾਂ ਦੇ ਖਾਤੇ ਦਰੁਸਤ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਇਨ੍ਹਾਂ ਕਿਸਾਨਾਂ ਤੱਕ ਲਾਭ ਪਹੁੰਚਾ ਦਿੱਤਾ ਜਾਵੇਗਾ। ਖੇਤੀ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਤੋਂ ਇਸ ਸਕੀਮ ਦੀ ਤੀਜੀ ਕਿਸ਼ਤ ਵੀ ਮਿਲ ਗਈ ਹੈ ਅਤੇ ਹੁਣ ਇਸ ਸਕੀਮ ਦਾ ਘੇਰਾ ਵਧਾਇਆ ਗਿਆ ਹੈ ਅਤੇ ਜ਼ਮੀਨ ਦੀ ਹੱਦ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 1-2 ਦਿਨਾਂ ਵਿਚ ਨਵੇਂ ਕਿਸਾਨ ਵੀ ਇਸ ਸਕੀਮ ਤਹਿਤ ਦਰਖਾਸਤ ਦੇ ਸਕਣਗੇ।

cherry

This news is Content Editor cherry