ਕਰਤਾਰਪੁਰ ਸਾਹਿਬ ਲਈ ਟਿਕਟ ਰੱਖ ਕੇ ਪਾਕਿ ਮਾਲੀ ਹਾਲਤ ਸੁਧਾਰਨ ਦੀ ਤਾਕ ''ਚ : ਬਾਦਲ

09/15/2019 9:57:44 AM

ਬਠਿੰਡਾ (ਜ.ਬ.) : 'ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਉਣ ਵਾਲੀ ਆਂ ਸੰਗਤਾਂ ਲਈ ਟਿਕਟ ਰੱਖ ਕੇ ਪਾਕਿਸਤਾਨ ਆਪਣੀ ਮਾਲੀ ਹਾਲਤ ਸੁਧਾਰਨ ਦੀ ਤਾਕ 'ਚ ਹੈ, ਜੋ ਕਿ ਇਕ ਵੱਡਾ ਗੁਨਾਹ ਅਤੇ ਪਾਪ ਹੈ, ਜੋ ਰੱਬ ਦੇ ਘਰ 'ਚ ਬਖਸ਼ਿਆ ਨਹੀਂ ਜਾਵੇਗਾ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਵਿਚ ਇਕ ਸਮਾਗਮ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਤੁਰੰਤ ਵਾਪਸ ਲਵੇ, ਕਿਉਂਕਿ ਦੁਨੀਆ 'ਚ ਅਜਿਹਾ ਕਿਧਰੇ ਵੀ ਨਹੀਂ ਹੁੰਦਾ ਕਿ ਕਿਸੇ ਧਾਰਮਕ ਅਸਥਾਨ ਦੀ ਟਿਕਟ ਰੱਖੀ ਗਈ ਹੋਵੇ।

ਭਾਜਪਾ ਅਤੇ ਅਕਾਲੀ ਦਲ ਵਲੋਂ ਪੰਜਾਬ ਹੀ ਨਹੀਂ, ਸਗੋਂ ਹਰਿਆਣਾ 'ਚ ਨਵੇਂ ਮੈਂਬਰ ਬਣਾਉਣ ਦੀਆਂ ਮੁਹਿੰਮਾਂ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ, ਕੀ ਇਨ੍ਹਾਂ ਰਾਜਾਂ 'ਚ ਦੋਵੇਂ ਪਾਰਟੀਆਂ ਅਗਲੀ ਚੋਣ ਵੱਖ -ਵੱਖ ਲੜਨਗੀਆਂ, ਜਦੋਂ ਕਿ ਉਹ ਅਕਾਲੀ-ਭਾਜਪਾ ਦੇ ਗੱਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਕਰਾਰ ਦਿੰਦੇ ਰਹੇ ਹਨ, ਬਾਰੇ ਬਾਦਲ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਭਾਜਪਾ ਦੇ ਨਾਲ ਰਹੇ ਹਨ ਅਤੇ ਅੱਗੇ ਵੀ ਭਾਜਪਾ ਦੇ ਨਾਲ ਹੀ ਰਹਿਣ ਦੇ ਇੱਛੁਕ ਹਨ ਪਰ ਮੈਂਬਰਸ਼ਿਪ ਮੁਹਿੰਮ ਚਲਾਉਣਾ ਜਾਂ ਅਗਲੀਆਂ ਚੋਣਾਂ ਕਿਵੇਂ ਲੜਨੀਆਂ ਹਨ, ਬਾਰੇ ਫੈਸਲਾ ਪਾਰਟੀ ਦੀ ਕੋਰ ਕਮੇਟੀ ਜਾਂ ਪ੍ਰਧਾਨ ਨੇ ਕਰਨਾ ਹੈ, ਇਸ ਲਈ ਉਹ ਕੁਝ ਨਹੀਂ ਕਹਿਣਗੇ।

ਇਸ ਤੋਂ ਬਾਅਦ ਬਾਦਲ ਨੇ ਪੁਲਸ ਮੁਲਾਜ਼ਮਾਂ 'ਤੇ ਹੋ ਰਹੇ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ 'ਚ ਕੋਈ ਸਰਕਾਰ ਹੀ ਨਹੀਂ ਹੈ, ਇਸ ਲਈ ਸੂਬੇ ਦੀ ਅਮਨ-ਸ਼ਾਂਤੀ ਭੰਗ ਹੋ ਚੁੱਕੀ ਹੈ ਅਤੇ ਜੰਗਲ ਰਾਜ ਕਾਇਮ ਹੋ ਚੁੱਕਾ ਹੈ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਡਾ. ਓਮ ਪ੍ਰਕਾਸ਼ ਸ਼ਰਮਾ, ਰਜਿੰਦਰ ਮਿੱਤਲ ਅਤੇ ਹੋਰ ਅਕਾਲੀ ਆਗੂ ਮੌਜੂਦ ਸਨ।

cherry

This news is Content Editor cherry