ਗੈਂਗਰੇਪ ਮਾਮਲਾ : ਪੈਸਿਆਂ ਲਈ ਪਿਤਾ ਨੇ ਹੀ ਧੀ ਨੂੰ ਭੇਜਿਆ ਸੀ ਹੋਟਲ

06/07/2019 9:57:33 AM

ਬਠਿੰਡਾ(ਵਰਮਾ) : ਲਗਭਗ 2 ਮਹੀਨੇ ਪਹਿਲਾਂ 18 ਸਾਲਾ ਲੜਕੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਹੀ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ 12 ਲੋਕਾਂ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ ਪੀੜਤਾ ਦੇ ਪਿਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਹ ਗੱਲ ਸਾਹਮਣੇ ਆਈ ਕਿ ਲੜਕੀ ਦਾ ਪਿਤਾ ਹੀ ਮਾਸਟਰਮਾਈਂਡ ਹੈ, ਜਿਸ ਨੇ ਪੈਸਿਆਂ ਦੇ ਲਾਲਚ ਵਿਚ ਧੀ ਨੂੰ ਹੋਟਲ ਭੇਜਿਆ ਸੀ, ਜਿਸ ਦੀ ਵਜ੍ਹਾ ਨਾਲ ਗੈਂਗਰੇਪ ਹੋਇਆ। ਇਸ ਮਾਮਲੇ ਦੇ ਮੁੱਖ ਦੋਸ਼ੀ ਆਜ਼ਾਦ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਸ ਤੋਂ ਪਹਿਲਾਂ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਹਾਲੇ ਵੀ ਜੇਲ 'ਚ ਬੰਦ ਹਨ। ਪੁਲਸ ਨੇ ਮੰਗਲਵਾਰ ਨੂੰ ਇਕ ਹੋਰ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ 8 ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਪ੍ਰੈੱਸ ਕਾਨਫਰੰਸ ਵਿਚ ਪੁਲਸ 'ਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਦੋਸ਼ ਲਾਏ ਸੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦਾ ਇਕ ਆਗੂ ਮੁਲਜ਼ਮ ਨੂੰ ਬਚਾਉਣ 'ਚ ਲੱਗਾ ਹੋਇਆ ਹੈ, ਜਦਕਿ ਪੀੜਤਾ ਦੇ ਨਾਨਾ ਨੇ ਪੁਲਸ ਨੂੰ ਸੂਚਨਾ ਦੇ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਵਾਇਆ ਸੀ ਪਰ ਆਗੂ ਦੇ ਕਹਿਣ 'ਤੇ ਉਸ ਨੂੰ 2 ਘੰਟੇ ਬਾਅਦ ਹੀ ਛੱਡ ਦਿੱਤਾ ਗਿਆ ਸੀ। ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਸੀ ਕਿ 24 ਘੰਟੇ ਵਿਚ ਜੇਕਰ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਉਹ ਸੜਕਾਂ 'ਤੇ ਉਤਰ ਕੇ ਧਰਨਾ ਪ੍ਰਦਰਸ਼ਨ ਕਰਨਗੇ ਪਰ ਪੁਲਸ ਨੇ ਉਸ ਤੋਂ ਬਾਅਦ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕੀਤਾ ਸੀ।

ਗੈਂਗਰੇਪ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਐਕਸ਼ਨ
ਗੈਂਗਰੇਪ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਐਕਸ਼ਨ ਲੈਂਦਿਆਂ ਪੁਲਸ ਨੂੰ ਇਸ ਮਾਮਲੇ ਵਿਚ ਪੂਰੀ ਕਾਰਵਾਈ ਕਰਨ ਅਤੇ ਪੀੜਤਾ ਨੂੰ ਸੁਰੱਖਿਆ ਤੇ ਮੁਆਵਜ਼ਾ ਦੇਣ ਦੇ ਨਿਰਦੇਸ਼ ਜਾਰੀ ਕੀਤੇ। ਕਮਿਸ਼ਨ ਦੀ ਚੇਅਰਪਰਸਨ ਸ਼ਾਮ ਆਲਾ ਐੱਸ ਕੁੰਦਰਾ ਤੇ ਕੋਆਰਡੀਨੇਟਰ ਚੰਚਲ ਖਟਰ ਨੇ ਬਠਿੰਡਾ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਦਿਆਂ ਪੀੜਤਾ ਨਾਲ ਵੀ ਮੁਲਾਕਾਤ ਕੀਤੀ। ਲੜਕੀ ਨੇ ਕਮਿਸ਼ਨ ਨੂੰ ਆਪ ਬੀਤੀ ਸੁਣਾਈ ਅਤੇ ਪੁਲਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ। ਲੜਕੀ ਦੇ ਨਾਲ ਉਸਦੀ ਮਾਂ ਅਤੇ ਨਾਨਾ ਸਤੀਸ਼ ਵੀ ਮੌਜੂਦ ਸੀ, ਜਿਨ੍ਹਾਂ ਨੇ ਕਮਿਸ਼ਨ ਨੂੰ ਦੱਸਿਆ ਕਿ ਕਾਂਗਰਸ ਆਗੂ ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਪੀੜਤਾ ਨੇ ਇਸ ਮਾਮਲੇ 'ਚ ਆਪਣੇ ਪਿਤਾ ਨੂੰ ਵੀ ਨਹੀਂ ਬਖਸ਼ਿਆ ਅਤੇ ਉਸਦੇ ਖਿਲਾਫ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ। ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਬਠਿੰਡਾ ਦੇ ਐੱਸ. ਐੱਸ. ਪੀ. ਤੇ ਡੀ. ਸੀ. ਨਾਲ ਗੱਲਬਾਤ ਕਰ ਕੇ ਜਾਂਚ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਕੁੰਦਰਾ ਨੇ ਦੱਸਿਆ ਕਿ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਵੱਲੋਂ ਇਸ ਮਾਮਲੇ 'ਚ ਸਪੈਸ਼ਲ ਟੀਮ ਡੀ. ਐੱਸ. ਪੀ. ਹੈੱਡਕੁਆਰਟਰ ਅਧੀਨ ਗਠਿਤ ਕੀਤੀ ਗਈ ਹੈ ਜੋ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇਗੀ। ਰਾਸ਼ਟਰੀ ਕਮਿਸ਼ਨ ਦੀ ਚੇਅਰਪਰਸਨ ਨੇ ਦੱਸਿਆ ਕਿ ਪੁਲਸ ਨੂੰ ਦੋ ਦਿਨ ਵਿਚ ਇਸ ਪੂਰੀ ਪ੍ਰਕਿਰਿਆ ਦੀ ਰਿਪੋਰਟ ਦੇਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਅਜਿਹੇ ਮਾਮਲੇ ਸੂਬੇ ਲਈ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਜ਼ਰੂਰੀ ਹੈ ਅਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣਾ ਪੁਲਸ ਦਾ ਫਰਜ਼ ਹੈ।

cherry

This news is Content Editor cherry