10.68 ਲੱਖ ਨਸ਼ੀਲੀ ਗੋਲੀਆਂ ਸਣੇ ਨਸ਼ੇ ਦਾ ਸੌਦਾਗਰ ਕਾਬੂ

07/12/2019 10:11:20 AM

ਬਠਿੰਡਾ (ਵਰਮਾ) : ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪੁਲਸ ਨੇ ਇਕ ਨਸ਼ੇ ਦੇ ਸੌਦਗਾਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 10.68 ਲੱਖ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ, ਜੋ ਅੱਜ ਤੱਕ ਦੀ ਸਭ ਤੋਂ ਵੱਡੀ ਖੇਪ ਮੰਨੀ ਗਈ ਹੈ। ਇਸ ਸਬੰਧੀ ਆਈ. ਜੀ. ਐੱਮ. ਐੱਫ. ਫਾਰੂਕੀ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਦੋਸ਼ੀ 'ਤੇ ਪਹਿਲਾਂ ਹੀ 5 ਮਾਮਲੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦਰਜ ਹਨ, ਜਦਕਿ ਇਕ ਮਾਮਲੇ 'ਚ ਉਸ ਨੂੰ 10 ਸਾਲ ਦੀ ਸਜ਼ਾ ਹੋ ਚੁੱਕੀ ਹੈ। ਦੋਸ਼ੀ ਜ਼ਮਾਨਤ 'ਤੇ ਆਇਆ ਸੀ ਤੇ ਫਿਰ ਉਸੇ ਧੰਦੇ ਨਾਲ ਜੁੜ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਸੁਨੀਲ ਕੁਮਾਰ ਉਰਫ ਸੋਨੂੰ ਮੌੜ ਮੰਡੀ 'ਚ ਮੈਡੀਕਲ ਸਟੋਰ ਚਲਾਉਂਦਾ ਸੀ, ਜਿਸਦਾ ਲਾਇਸੈਂਸ ਕਿਸੇ ਹੋਰ ਦੇ ਨਾਂ 'ਤੇ ਹੈ। ਉਹ ਲੁਧਿਆਣਾ ਤੋਂ ਟ੍ਰਾਂਸਪੋਰਟ ਰਾਹੀਂ ਨਸ਼ੇ ਵਾਲੀਆਂ ਗੋਲੀਆਂ ਮੰਗਵਾਉਂਦਾ ਸੀ, ਜਿਸ ਨੂੰ ਮੌੜ ਮੰਡੀ 'ਚ ਬਣਾਏ ਗਏ ਇਕ ਗੋਦਾਮ 'ਚ ਰੱਖਦਾ ਸੀ।

ਸੀ. ਆਈ. ਏ.-2 ਪ੍ਰਮੁੱਖ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਸੁਨੀਲ ਕੁਮਾਰ ਉਰਫ ਸੋਨੂੰ ਆਈ-20 ਕਾਰ 'ਚ ਸਵਾਰ ਹੋ ਕੇ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਪੁਲਸ ਨੇ ਮੌੜ ਮੰਡੀ ਦੇ ਰਾਮ ਨਗਰ ਚੌਕ 'ਤੇ ਨਾਕਾਬੰਦੀ ਕੀਤੀ ਸੀ, ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ 1,56,400 ਲੱਖ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਦੀ ਨਿਸ਼ਾਨਦੇਹੀ 'ਤੇ ਗੋਦਾਮ 'ਚ ਰੱਖੀਆਂ 9,11,400 ਲੱਖ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਕੁਲ ਕੀਮਤ 10.68 ਲੱਖ ਹੈ। ਪੁਲਸ ਨੇ ਦੋਸ਼ੀ ਸੋਨੂੰ ਵਿਰੁੱਧ ਥਾਣਾ ਮੌੜ ਵਿਚ ਮਾਮਲਾ ਦਰਜ ਕੀਤਾ ਹੈ।

cherry

This news is Content Editor cherry