ਕੈਬਨਿਟ ਮੰਤਰੀ ਦੇ ਇਸ ਕੰਮ ਦੀ ਤੁਸੀਂ ਵੀ ਕਰੋਗੇ ਤਾਰੀਫ, ਦੇਖੋ ਤਸਵੀਰਾਂ

08/01/2019 10:13:22 AM

ਬਠਿੰਡਾ (ਬਿਊਰੋ) : ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬੁੱਧਵਾਰ ਦੇਰ ਸ਼ਾਮ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਗਿੱਲ ਕਲਾਂ ਨੇੜੇ ਵਾਪਰੇ ਸੜਕ ਹਾਦਸੇ ਦੇ ਪੀੜਤ ਲੋਕਾਂ ਦੀ ਖੁਦ ਸਹਾਇਤਾ ਕੀਤੀ। ਜਦ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਕਾਫਿਲੇ ਸਮੇਤ ਚੰਡੀਗੜ੍ਹ ਤੋਂ ਬਠਿੰਡਾ ਆ ਰਹੇ ਸਨ ਤਾਂ ਸ਼ਾਹਰਾ 'ਤੇ ਸਥਿਤ ਪਿੰਡ ਗਿੱਲ ਕਲਾਂ ਕੋਲ ਇਕ ਮਹਿੰਦਰਾ ਮਰਾਜ਼ੋ ਗੱਡੀ ਹਾਦਸਾਗ੍ਰਸਤ ਹੋ ਗਈ।

ਹਾਦਸਾ ਵੇਖਦਿਆਂ ਹੀ ਕਾਂਗੜ ਨੇ ਆਪਣਾ ਕਾਫਿਲਾ ਰੁਕਵਾ ਲਿਆ ਅਤੇ ਹਾਦਸਾਗ੍ਰਸਤ ਗੱਡੀ ਵਿਚ ਸਵਾਰ ਛੋਟੇ ਬੱਚੇ, ਮਹਿਲਾ ਅਤੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਮਦਦ ਕੀਤੀ। ਖੁਸ਼ਕਿਸਮਤੀ ਨਾਲ ਕਿਸੇ ਸਵਾਰੀ ਨੂੰ ਸੱਟਾਂ ਨਹੀਂ ਲੱਗੀਆਂ। ਇਸ ਤੋਂ ਬਾਅਦ ਆਪਣੇ ਨਾਲ ਮੌਜੂਦ ਸਟਾਫ ਤੋਂ ਹਾਦਸਾਗ੍ਰਸਤ ਗੱਡੀ ਨੂੰ ਟੋਏ ਵਿੱਚੋਂ ਬਾਹਰ ਕਢਵਾਇਆ।

ਤਕਰੀਬਨ ਇਕ ਘੰਟੇ ਤੱਕ ਖੁਦ ਮਾਲ ਮੰਤਰੀ ਆਪਣੇ ਸਟਾਫ ਅਤੇ ਪੁਲਸ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਰਹੇ। ਕਾਂਗੜ ਦੇ ਮੌਕੇ ਸਿਰ ਪਹੁੰਚਣ ਕਾਰਨ ਗੱਡੀ 'ਚੋਂ ਸੁਰੱਖਿਅਤ ਬਾਹਰ ਆਏ ਪਰਿਵਾਰ ਨੇ ਮੰਤਰੀ ਦਾ ਧੰਨਵਾਦ ਕੀਤਾ।

ਹਾਦਸੇ ਦੇ ਕਾਰਨਾਂ ਬਾਰੇ ਜਾਣਨ ਲਈ ਕਾਂਗੜ ਨੇ ਸੜਕ 'ਤੇ ਖੜ੍ਹੇ ਟਰੱਕ ਤੇ ਉਸ ਦੇ ਚਾਲਕ ਤੋਂ ਵੀ ਪੁੱਛਗਿੱਛ ਕੀਤੀ। ਡਰਾਈਵਰ ਨੇ ਕਾਂਗੜ ਨੂੰ ਦੱਸਿਆ ਕਿ ਉਸ ਦੇ ਟਰੱਕ ਅੱਗੇ ਇਕ ਸੱਪ ਆ ਗਿਆ ਸੀ ਜਿਸ ਕਾਰਨ ਉਸ ਨੇ ਇਕਦਮ ਟਰੱਕ ਨੂੰ ਇਕ ਪਾਸੇ ਘੁਮਾ ਦਿੱਤਾ। ਇਸ ਕਾਰਨ ਟਰੱਕ ਦੇ ਪਿੱਛੇ ਆ ਰਹੀ ਕਾਰ ਦਾ ਸੰਤੁਲਨ ਵਿਗੜ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਗੱਡੀ ਸੜਕ 'ਤੇ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਸੜਕ ਕਿਨਾਰੇ ਪੁੱਟੇ ਟੋਏ ਵਿਚ ਜਾ ਡਿੱਗੀ। ਸੂਚਨਾ ਮਿਲਣ 'ਤੇ ਥਾਣਾ ਸਦਰ ਰਾਮਪੁਰਾ ਪੁਲਸ ਵੀ ਹਾਦਸਾਗ੍ਰਸਤ ਜਗ੍ਹਾ 'ਤੇ ਪਹੁੰਚ ਗਈ ਸੀ।

cherry

This news is Content Editor cherry