ਬੇਅੰਤ ਸਿੰਘ ਹੱਤਿਆਕਾਂਡ ਦਾ ਦੋਸ਼ੀ ਤਾਰਾ ਇਕ ਹੋਰ ਮਾਮਲੇ ''ਚ ਬਰੀ

02/23/2019 10:12:30 AM

ਬਠਿੰਡਾ(ਵਰਮਾ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਕਾਂਡ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਜੋ ਕਿ ਚੰਡੀਗੜ੍ਹ ਦੀ ਬੁੜੈਲ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੂੰ ਬਠਿੰਡਾ ਅਦਾਲਤ ਨੇ ਇਕ ਮਾਮਲੇ ਵਿਚ ਬਰੀ ਕਰ ਦਿੱਤਾ, ਜਦੋਂ ਕਿ ਉਸ ਦੇ ਸਾਥੀ ਰਮਨਦੀਪ ਸੰਨੀ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਤਾਰਾ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਸੀ ਤੇ ਅਦਾਲਤ ਨੇ ਉਸ ਨੂੰ ਕਈ ਸਵਾਲ ਵੀ ਕੀਤੇ ਸਨ। ਵਕੀਲਾਂ ਦੀਆਂ ਦਲੀਲਾਂ ਤੋਂ ਬਾਅਦ ਉਸ ਨੂੰ ਬਰੀ ਕੀਤਾ ਗਿਆ, ਜਦੋਂਕਿ ਅਸਲਾ ਐਕਟ ਤਹਿਤ ਸੰਨੀ ਨੂੰ ਸਜ਼ਾ ਸੁਣਾਈ ਗਈ।

8 ਨਵੰਬਰ 2014 ਨੂੰ ਸੀ. ਆਈ. ਏ. ਸਟਾਫ਼ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੰਨੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਥਾਈਲੈਂਡ ਤੋਂ ਟ੍ਰੇਨਿੰਗ ਲੈ ਕੇ ਪਰਤਿਆ ਸੀ। ਪੁਲਸ ਅਨੁਸਾਰ ਸੰਨੀ ਨੇ ਉਥੇ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕੀਤੀ ਤੇ ਉਥੇ ਹੀ ਤਾਰਾ ਨੇ ਉਸ ਨੂੰ ਆਈ. ਐੱਸ. ਆਈ. ਨਾਲ ਬੰਬ ਬਣਾਉਣ ਦੀ ਟ੍ਰੇਨਿੰਗ ਵੀ ਦਿਵਾਈ ਸੀ। ਪੁਲਸ ਨੇ ਸੰਨੀ ਦੇ ਘਰ ਤੋਂ ਬੰਬ ਬਣਾਉਣ ਦਾ ਸਾਮਾਨ ਜਿਸ 'ਚ ਬਾਰੂਦ, ਬੈਟਰੀ, ਲੋਹੇ ਦੀਆਂ ਪਾਈਪਾਂ, ਬਿਜਲੀ ਦੀਆਂ ਤਾਰਾਂ, 32 ਬੋਰ ਦਾ ਰਿਵਾਲਵਰ, ਜ਼ਿੰਦਾ ਕਾਰਤੂਸ ਤੇ ਪੰਜ ਲੈਟਰਪੈਡ ਵੀ ਬਰਾਮਦ ਕੀਤੇ ਸਨ। ਜਗਤਾਰ ਸਿੰਘ ਤਾਰਾ ਨੇ ਆਪਣੀ ਵੱਖ ਤੋਂ ਖਾਲਿਸਤਾਨ ਟਾਈਗਰ ਫੋਰਸ ਜਥੇਬੰਦੀ ਬਣਾਈ ਸੀ, ਜਿਸ ਦਾ ਉਹ ਸਰਗਰਮ ਮੈਂਬਰ ਸੀ। ਸੰਨੀ ਤੋਂ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਜਗਤਾਰ ਸਿੰਘ ਵਿਰੁੱਧ ਵੀ ਮਾਮਲਾ ਦਰਜ ਕੀਤਾ ਸੀ ਤੇ 2014 ਤੋਂ ਲਗਾਤਾਰ ਬਠਿੰਡਾ ਕੋਰਟ 'ਚ ਉਸ ਦੀ ਪੇਸ਼ੀ ਚੱਲ ਰਹੀ ਸੀ। ਮਾਨਯੋਗ ਕੇ. ਐੱਸ. ਬਾਜਵਾ ਐਡੀਸ਼ਨਲ ਸੈਸ਼ਨ ਜੱਜ ਨੇ ਸਬੂਤਾਂ ਦੇ ਆਧਾਰ 'ਤੇ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ, ਜਦੋਂਕਿ ਆਰਮ ਐਕਟ  ਤਹਿਤ ਰਮਨਦੀਪ ਸਿੰਘ ਸੰਨੀ ਇਕ ਸਾਲ ਦੀ ਸਜ਼ਾ ਸੁਣਾਈ ਹੈ।

cherry

This news is Content Editor cherry