ਬਟਾਲਾ ਪੁਲਸ ਦੀ ਕਾਰਵਾਈ ਤੋਂ ਤੰਗ ਕਿੰਨਰਾਂ ਨੇ ਕੀਤਾ ਧਰਨਾ ਪ੍ਰਦਰਸ਼ਨ

11/26/2019 9:57:31 AM

ਬਟਾਲਾ (ਗੁਰਪ੍ਰੀਤ ਚਾਵਲਾ, ਬੇਰੀ) - ਕੁਝ ਦਿਨ ਪਹਿਲਾਂ ਅਗਵਾ ਹੋਏ ਕਿੰਨਰ ਬਾਬਾ ਚਾਹਤ ਦਾ ਕੁਝ ਥਹੁ-ਪਤਾ ਨਾ ਲੱਗਣ ਕਾਰਨ ਭੜਕੇ ਕਿੰਨਰਾਂ ਵਲੋਂ ਥਾਣਾ ਸਿਵਲ ਲਾਈਨ ਦੇ ਗੇਟ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਾਡੇ ਸਾਥੀ ਕਿੰਨਰ ਬਾਬਾ ਚਾਹਤ ਦੀ ਭਾਲ ਪੁਲਸ ਵਲੋਂ ਜਲਦ ਤੋਂ ਜਲਦ ਕੀਤੀ ਜਾਵੇ। ਇਸ ਮੌਕੇ ਗੁਰਬਖਸ਼ੀਸ਼ ਸਿੰਘ ਪੁੱਤਰ ਹਮੀਰ ਸਿੰਘ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਦੱਸਿਆ ਕਿ ਉਨ੍ਹਾਂ ਦਾ ਵੱਡਾ ਮੁੰਡਾ ਸਾਲ ਪਹਿਲਾਂ ਕਿੰਨਰਾਂ ’ਚ ਸ਼ਾਮਲ ਹੋ ਗਿਆ ਸੀ, ਜਿਸ ਨੇ ਆਪਣਾ ਨਾਂ ਬਾਬਾ ਚਾਹਤ ਰੱਖ ਲਿਆ ਸੀ। ਉਹ ਬਟਾਲਾ ਦੇ ਤੇਲੀਆਂਵਾਲ ਇਲਾਕੇ ’ਚ ਰਹਿ ਰਿਹਾ ਸੀ, ਜਿਥੋਂ ਉਸ ਨੂੰ ਪਿਛਲੇ ਦਿਨੀਂ ਅਗਵਾ ਕਰ ਲਿਆ ਗਿਆ ਹੈ। ਅਸੀਂ ਕਈ ਵਾਰ ਸੰਗਰੂਰ ਤੋਂ ਇਥੇ ਆ ਕੇ ਮੁੰਡੇ ਨੂੰ ਲੱਭਣ ਬਾਰੇ ਪੁਲਸ ਨੂੰ ਕਿਹਾ ਪਰ ਪੁਲਸ ਅਜੇ ਤੱਕ ਉਸ ਦਾ ਪਤਾ ਨਹੀਂ ਲਗਾ ਸਕੀ, ਜੋ ਬਹੁਤ ਮੰਦਭਾਗੀ ਗੱਲ ਹੈ।

ਦੱਸ ਦਈਏ ਕਿ ਵੱਡੀ ਗਿਣਤੀ ’ਚ ਕਿੰਨਰਾਂ ਵਲੋਂ ਇਕੱਠੇ ਹੋ ਕੇ ਬਾਬਾ ਚਾਹਤ ਦੇ ਪਰਿਵਾਰ ਸਮੇਤ ਥਾਣਾ ਸਿਵਲ ਲਾਈਨ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਪੁਲਸ ਵਲੋਂ ਉਸ ਦੀ ਭਾਲ ਨਾ ਕਰਨ ’ਤੇ ਸਮੁੱਚੇ ਥਾਣੇ ਅੱਗੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ, ਕਿਉਂਕਿ ਬਾਬਾ ਚਾਹਤ ਦੇ ਅਗਵਾ ਹੋਣ ਤੋਂ ਬਾਅਦ ਕਿੰਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਛੰਨੋ ਬਾਬਾ, ਰਾਣੀ ਬਾਬਾ, ਰਮਾ ਬਾਬਾ, ਸੋਨੀਆ ਬਾਬਾ, ਮੰਗਲੀ ਬਾਬਾ, ਰਾਣੀ ਮਹੰਤ, ਵੀਨਾ ਕਾਦੀਆਂ, ਨਿਸ਼ਾ ਰਾਣੀ ਆਦਿ ਸ਼ਾਮਲ ਸਨ।

ਇਸ ਬਾਰੇ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਅਗਵਾ ਹੋਏ ਬਾਬਾ ਚਾਹਤ ਦੇ ਪਰਿਵਾਰ ਵਾਲਿਆਂ ਅਤੇ ਸਾਰੇ ਕਿੰਨਰਾਂ ਨੂੰ ਆਪਣੇ ਦਫਤਰ ਵਿਖੇ ਬੁਲਾ ਕੇ ਵਿਸ਼ਵਾਸ ਦਿਵਾਇਆ ਕਿ ਅਗਵਾ ਹੋਏ ਬਾਬਾ ਚਾਹਤ ਨੂੰ ਪੁਲਸ ਜਲਦ ਹੀ ਲੱਭ ਲਵੇਗੀ ਅਤੇ ਇਸ ਲਈ ਪੁਲਸ ਵੱਲੋਂ ਛਾਪੇਮਾਰੀ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਥਾਣੇ ਵਿਚ ਦਰਜ ਐੱਫ. ਆਈ. ਆਰ. ਮੁਤਾਬਕ ਜਾਂਚ ਜਾਰੀ ਹੈ।

rajwinder kaur

This news is Content Editor rajwinder kaur