ਘਰੇਲੂ ਕਲੇਸ਼ ਦੇ ਕਾਰਨ ਪਿਓ ਨੇ ਹੀ ਉਤਾਰਿਆ ਸੀ ਪੁੱਤ ਨੂੰ ਮੌਤ ਦੇ ਘਾਟ .

02/09/2019 11:52:07 AM

ਬਟਾਲਾ (ਬੇਰੀ, ਯੋਗੀ) : ਕਰੀਬ 4 ਦਿਨ ਪਹਿਲਾਂ ਹੋਏ ਟੈਕਸੀ ਚਾਲਕ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ 'ਚ ਬਟਾਲਾ ਪੁਲਸ ਨੇ ਸਫਲਤਾ ਪ੍ਰਾਪਤ ਕਰ ਲਈ ਹੈ।ਇਸ ਸਬੰਧ 'ਚ ਆਪਣੇ ਦਫਤਰ ਵਿਖੇ ਬੁਲਾਈ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਟੈਕਸੀ ਚਾਲਕ ਮਨਜਿੰਦਰ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਵਾਸੀ ਕਲਗੀਧਰ ਕਾਲੋਨੀ, ਬਟਾਲਾ ਨੇ ਕਾਦੀਆਂ ਪੁਲਸ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਨ੍ਹਾਂ ਦਾ ਲੜਕਾ ਮਨਜਿੰਦਰ ਸਿੰਘ ਆਪਣੀ ਇਨੋਵਾ ਗੱਡੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਬੀਤੀ 4 ਫਰਵਰੀ ਦੀ ਰਾਤ ਉਹ ਘਰ ਵਿਚ ਉਨ੍ਹਾਂ ਨੂੰ ਬਿਨਾਂ ਦੱਸੇ ਗੱਡੀ ਲੈ ਕੇ ਚਲਾ ਗਿਆ ਸੀ ਅਤੇ ਅਗਲੇ ਦਿਨ ਉਨ੍ਹਾਂ ਨੂੰ ਆਪਣੇ ਲੜਕੇ ਮਨਜਿੰਦਰ ਸਿੰਘ ਦੀ ਲਾਸ਼ ਰੇਲਵੇ ਟਰੈਕ ਤਲਵੰਡੀ ਝੁੰਗਲਾਂ ਲਾਗੇ ਪਈ ਮਿਲੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਮੁਕੱਦਮਾ ਨੰ. 14, ਮਿਤੀ 5.2.19 ਧਾਰਾ-302, 34 ਭ. ਦ. ਤਹਿਤ ਥਾਣਾ ਕਾਦੀਆਂ ਵਿਚ ਦਰਜ ਕਰ ਦਿੱਤਾ ਸੀ। ਐੱਸ. ਐੱਸ. ਪੀ. ਘੁੰਮਣ ਨੇ ਅੱਗੇ ਦੱਸਿਆ ਕਿ ਉਕਤ ਟੈਕਸੀ ਚਾਲਕ ਮਨਜਿੰਦਰ ਸਿੰਘ ਦੇ ਕਤਲ ਦੇ ਬਾਅਦ ਉਨ੍ਹਾਂ ਨੇ ਖ਼ੁਦ ਵੀ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਸੀ, ਜਿਸ ਦੌਰਾਨ ਕੁੱਝ ਸ਼ੱਕ ਹੋਣ ਦੇ ਬਾਅਦ ਉਕਤ ਕਤਲ ਦੀ ਗੁੱਥੀ ਸੁਲਝਾਉਣ ਲਈ ਉਨ੍ਹਾਂ ਵਲੋਂ ਐੱਸ. ਪੀ. ਵਿਪਨ ਚੌਧਰੀ, ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਵਰਿੰਦਰਪ੍ਰੀਤ ਸਿੰਘ, ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਰਣਜੀਤ ਸਿੰਘ, ਮਹਿਲਾ ਡੀ. ਐੱਸ. ਪੀ. ਇਨਵੈਸਟੀਗੇਸ਼ਨ ਪਰਮਿੰਦਰ ਕੌਰ ਅਤੇ ਐੱਸ. ਐੱਚ. ਓ. ਕਾਦੀਆਂ ਸੁਦੇਸ਼ ਕੁਮਾਰ 'ਤੇ ਆਧਾਰਿਤ ਸਪੈਸ਼ਲ ਟੀਮ ਦਾ ਗਠਨ ਕਰਨ ਦੇ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਕਿ ਇਸ ਦੌਰਾਨ ਪੁਲਸ ਨੂੰ ਮ੍ਰਿਤਕ ਟੈਕਸੀ ਚਾਲਕ ਮਨਜਿੰਦਰ ਸਿੰਘ ਵਲੋਂ 181 'ਤੇ ਦਰਜ ਕਰਵਾਈ ਗਈ ਪੁਲਸ ਰਿਪੋਰਟ ਦੀ ਕਾਪੀ ਮਿਲ ਗਈ, ਜਿਸ ਵਿਚ ਮਨਜਿੰਦਰ ਸਿੰਘ ਨੇ ਆਪਣੇ ਬਿਆਨਾਂ ਵਿਚ ਸਾਫ਼-ਸਾਫ਼ ਕਿਹਾ ਸੀ ਕਿ ਉਸਦੇ ਪਿਤਾ ਜੋਗਿੰਦਰ ਸਿੰਘ ਵੱਲੋਂ ਉਸਨੂੰ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੇ ਬਾਅਦ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਹੈ ਅਤੇ ਉਸਦੀ ਹਾਲਤ ਨਾਜ਼ੁਕ ਹੈ ਅਤੇ ਕਿਸੇ ਵੀ ਸਮੇਂ ਉਸਦੀ ਮੌਤ ਹੋ ਸਕਦੀ ਹੈ।

ਪੁਲਸ ਨੇ ਮੁੱਖ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਲਿਆ 2 ਦਿਨਾਂ ਦਾ ਰਿਮਾਂਡ
ਐੱਸ. ਐੱਸ. ਪੀ. ਘੁੰਮਣ ਅਨੁਸਾਰ ਇਸ ਦੌਰਾਨ ਮ੍ਰਿਤਕ ਦਾ ਸਾਲਾ ਸਤਨਾਮ ਸਿੰਘ ਵੀ ਆਪਣੀ ਸਵਿਫਟ ਗੱਡੀ ਵਿਚ ਜੋਗਿੰਦਰ ਸਿੰਘ ਨਾਲ ਗਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ ਵਿਚ ਸ਼ਾਮਲ ਦੂਜੇ ਕਥਿਤ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੂਜਾ ਵਿਅਕਤੀ ਪੁਲਸ ਦੀ ਗ੍ਰਿਫ਼ਤ ਵਿਚ ਹੋਵੇਗਾ ਪਰ ਫਿਲਹਾਲ ਪੁਲਸ ਨੇ ਜੋਗਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਦੇ ਬਾਅਦ 2 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ।

ਘਰੇਲੂ ਕਲੇਸ਼ ਕਾਰਨ ਕੀਤਾ ਸੀ ਕਤਲ
ਐੱਸ. ਐੱਸ. ਪੀ. ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਪੁਲਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ ਅਤੇ ਮ੍ਰਿਤਕ ਮਨਜਿੰਦਰ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੂੰ ਹਿਰਾਸਤ ਵਿਚ ਲੈਂਦੇ ਹੋਏ ਸਖ਼ਤੀ ਨਾਲ ਪੁੱਛਗਿੱਛ ਕੀਤੀ, ਜਿਸ ਦੌਰਾਨ ਜੋਗਿੰਦਰ ਸਿੰਘ ਨੇ ਪੁਲਸ ਦੇ ਸਾਹਮਣੇ ਮੰਨਿਆ ਕਿ ਉਸਦਾ ਲੜਕਾ ਮਨਜਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਆਪਣੀ ਪਤਨੀ ਨਾਲ ਅਕਸਰ ਲੜਾਈ-ਝਗੜਾ ਕਰਦਾ ਰਹਿੰਦਾ ਸੀ, ਜਿਸ ਨਾਲ ਘਰ ਵਿਚ ਕਲੇਸ਼ ਰਹਿੰਦਾ ਸੀ ਅਤੇ ਇਸਦੇ ਚੱਲਦੇ ਉਸਨੇ ਆਪਣੇ ਲੜਕੇ ਮਨਜਿੰਦਰ ਸਿੰਘ ਦਾ ਤੇਜ਼ਧਾਰ ਹਥਿਆਰ ਦਾਤਰ ਨਾਲ ਵਾਰ ਕਰਕੇ ਪਹਿਲਾਂ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਮਨਜਿੰਦਰ ਸਿੰਘ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਉਸ ਸਾਲੇ ਸਤਨਾਮ ਸਿੰਘ ਨੂੰ ਅੰਮ੍ਰਿਤਸਰ ਤੋਂ ਬੁਲਾਇਆ ਅਤੇ ਉਸ ਨਾਲ ਸਲਾਹ-ਮਸ਼ਵਰਾ ਕਰਨ ਦੇ ਬਾਅਦ ਲਾਸ਼ ਇਨੋਵਾ ਗੱਡੀ ਨੰ. ਪੀ. ਬੀ.-01-ਏ-0099 ਵਿਚ ਰੱਖ ਕੇ ਪਿੰਡ ਤਲਵੰਡੀ ਝੁੰਗਲਾਂ ਰੇਲਵੇ ਲਾਈਨ ਦੇ ਲਾਗੇ ਸੁੱਟ ਕੇ ਵਾਪਸ ਘਰ ਪਰਤ ਆਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਵਾਰਦਾਤ ਵਿਚ ਵਰਤਿਆ ਗਿਆ ਦਾਤਰ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ।

Baljeet Kaur

This news is Content Editor Baljeet Kaur