ਬਟਾਲਾ 'ਚ 15 ਸਤੰਬਰ ਦੀ ਰਾਤ ਨੂੰ ਪਹੁੰਚੇਗੀ ਬਾਬਾ ਨਾਨਕ ਜੀ ਦੀ ਬਾਰਾਤ

09/12/2018 6:22:10 PM

ਬਟਾਲਾ (ਸੈਂਡੀ/ਸਾਹਿਲ) : ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਬਾਰਾਤ 15 ਸਤੰਬਰ 2018 ਦੀ ਰਾਤ ਨੂੰ ਬਟਾਲਾ ਵਿਖੇ ਪਹੁੰਚੇਗੀ। ਇਥੇ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦਾ ਵਿਆਹ ਪੁਰਬ ਮਨਾਇਆ ਜਾਵੇਗਾ, ਜਿਸ 'ਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ। 

ਜਨਮ ਤੇ ਮਾਤਾ-ਪਿਤਾ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) 'ਚ ਉਸ ਸਮੇਂ ਹੋਇਆ, ਜਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਿਰਾਸ਼ਾਜਨਕ ਸਨ ਤੇ ਸਾਰਾ ਦੇਸ਼ ਜਾਤ-ਪਾਤ, ਊਚ-ਨੀਚ ਅਤੇ ਈਰਖਾ ਦੀ ਅੱਗ 'ਚ ਸੜ ਰਿਹਾ ਸੀ। ਬਚਪਨ 'ਚ ਹੀ ਗੁਰੂ ਜੀ ਨੇ ਵਹਿਮਾਂ-ਭਰਮਾਂ 'ਚ ਫਸੇ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਸਮੇਂ ਬਾਅਦ ਗੁਰੂ ਜੀ ਨੂੰ ਵੱਡੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਰਹਿਣ ਲਈ ਭੇਜ ਦਿੱਤਾ ਗਿਆ, ਜਿਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ 'ਚ ਮੋਦੀ ਦੀ ਨੌਕਰੀ ਦਿਵਾ ਦਿੱਤੀ। 

ਬਾਬਾ ਜੀ ਦੀ ਮੰਗਣੀ
18 ਸਾਲ ਦੀ ਉਮਰ 'ਚ ਗੁਰੂ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖੱਤਰੀ ਮੂਲ ਚੰਦ ਪਟਵਾਰੀ ਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਸੁਲੱਖਣੀ ਨਾਲ ਹੋ ਗਈ। ਭਾਦੋਂ ਸੁਦੀ ਸੱਤਵੀਂ ਸੰਮਤ 1544 ਨੂੰ ਗੁਰੂ ਜੀ ਦੀ ਬਾਰਾਤ ਸਮੇਤ ਬਰਾਤੀਆਂ, ਜਿਨ੍ਹਾਂ 'ਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਇ ਜੀ ਤੇ ਨਵਾਬ ਦੌਲਤ ਖਾਂ ਤੇ ਸੱਜਣਾਂ, ਰਿਸ਼ਤੇਦਾਰਾਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੂਰੀ ਤਰ੍ਹਾਂ ਸਜ-ਧਜ ਕੇ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਕ ਸ਼ਹਿਰ ਬਟਾਲੇ ਪੁੱਜੇ। ਗੁਰੂ ਜੀ ਦੀ ਬਾਰਾਤ ਦਾ ਬਟਾਲਾ ਪਹੁੰਚਣ 'ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਤੇ ਰਿਸ਼ਤੇਦਾਰਾਂ ਵਲੋਂ, ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਅਜਿੱਤਾ ਰੰਧਾਵਾ ਜੀ ਵੀ ਸ਼ਾਮਲ ਸਨ, ਜ਼ੋਰਦਾਰ ਸਵਾਗਤ ਕੀਤਾ ਗਿਆ।    
ਬਾਰਾਤ ਦਾ ਉਤਾਰਾ ਜਿਸ ਜਗ੍ਹਾ 'ਤੇ ਕੀਤਾ ਗਿਆ ਉਹ ਗੁਰਦੁਆਰਾ 'ਸ੍ਰੀ ਕੰਧ ਸਾਹਿਬ' ਜੀ ਦੇ ਅਸਥਾਨ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਜਿਸ ਜਗ੍ਹਾ 'ਤੇ ਗੁਰੂ ਜੀ ਵਲੋਂ ਲਾਵਾਂ-ਫੇਰਿਆਂ ਦੀ ਰਸਮ ਅਦਾ ਕੀਤੀ ਗਈ ਉਹ ਅਸਥਾਨ ਗੁਰਦੁਆਰਾ 'ਡੇਹਰਾ ਸਾਹਿਬ' ਜੀ ਦੇ ਨਾਂ ਨਾਲ ਪ੍ਰਸਿੱਧ ਹੈ। ਜਿਸ ਅਸਥਾਨ 'ਤੇ ਬਾਰਾਤ ਦਾ ਉਤਾਰਾ ਕੀਤਾ ਗਿਆ ਉਹ ਅਸਥਾਨ ਹਵੇਲੀ ਭਾਈ ਜਮੀਤ ਰਾਇ ਬੰਸੀ ਦੀ ਸੀ। ਇਥੇ ਹੀ ਇਕ ਕੱਚੀ ਕੰਧ ਵੀ ਸੀ, ਜਿਸ ਹੇਠ ਗੁਰੂ ਜੀ ਨੇ ਕੁੱਝ ਚਿਰ ਨਿਵਾਸ ਕੀਤਾ ਸੀ। ਇਸੇ ਦੌਰਾਨ ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੱਚੀ ਕੰਧ ਹੈ, ਜੋ ਢਹਿਣ ਵਾਲੀ ਹੈ ਇਥੋ ਉਠ ਜਾਓ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ 'ਮਾਤਾ ਭੋਲੀਏ, ਇਹ ਕੰਧ ਜੁਗਾਂ-ਜੁਗਾਂਤਰਾਂ ਤੱਕ ਕਾਇਮ ਰਹੇਗੀ ਅਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ'। ਇਹ ਕੱਚੀ ਕੰਧ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫ੍ਰੇਮ 'ਚ ਸੁਰੱਖਿਅਤ ਅੱਜ ਵੀ ਮੌਜੂਦ ਹੈ ਤੇ ਲੱਖਾਂ ਸੰਗਤਾਂ ਅੱਜ ਵੀ ਇਸ ਪਵਿੱਤਰ ਕੰਧ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਬਾਅਦ 'ਚ ਮਹਾਰਾਜਾ ਨੌਨਿਹਾਲ ਨੇ ਇਸ ਅਸਥਾਨ 'ਤੇ ਪੱਕਾ ਗੁਰੂ ਅਸਥਾਨ ਬਣਵਾਇਆ ਸੀ। 

ਵਿਆਹ ਪੁਰਬ ਨਾਲ ਸੰਬੰਧਤ ਜੋੜ ਮੇਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬਧਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆ ਭਰ 'ਚੋਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਇਸ ਅਸਥਾਨ 'ਤੇ ਆ ਕੇ ਹਾਜ਼ਰੀ ਭਰਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। ਇਥੇ ਲੱਖਾਂ ਦੀ ਗਿਣਤੀ 'ਚ ਪਹੁੰਚਣ ਵਾਲੀ ਸੰਗਤ ਦੇ ਠਹਿਰਣ 'ਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਗੁਰੂ ਜੀ ਨੂੰ ਸਮਰਪਿਤ ਦੋ ਵਿੱਦਿਅਕ ਅਦਾਰੇ ਗੁਰੂ ਨਾਨਕ ਕਾਲਜ ਅਤੇ ਗੁਰੂ ਦੇਵ ਅਕੈਡਮੀ ਵੀ ਖੋਲ੍ਹੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬੰਧਤ ਅਸਥਾਨ ਸ੍ਰੀ ਕੰਧ ਸਾਹਿਬ ਤੇ ਸ੍ਰੀ ਡੇਹਰਾ ਸਾਹਿਬ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਦਰਸ਼ਨ ਯੋਗ ਇਤਿਹਾਸਕ ਅਸਥਾਨ ਵੀ ਬਟਾਲਾ 'ਚ ਮੌਜੂਦ ਹਨ।

ਗੁਰਦੁਆਰਾ ਸ੍ਰੀ ਸਤਿਕਰਤਾਰੀਆ 
ਇਹ ਗੁਰਦੁਆਰਾ ਸ਼ੇਰਾਂ ਵਾਲਾ ਗੇਟ ਦੇ ਬਾਹਰ ਸਬਜ਼ੀ ਮੰਡੀ ਦੇ ਨੇੜੇ ਹੈ। ਇਸ ਪਵਿੱਤਰ ਅਸਥਾਨ 'ਤੇ ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1681 'ਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ ਤੇ ਇਥੇ ਹੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਭਾਈ ਰਾਮਾ ਮੱਲ ਖੱਤਰੀ ਜੀ ਦੀ ਸਪੁੱਤਰੀ ਅਨੰਤੀ ਜੀ ਨਾਲ ਹੋਇਆ ਸੀ, ਜਿਸ ਤੋਂ ਧੀਰ ਮੱਲ ਅਤੇ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਜੀ ਦਾ ਜਨਮ ਹੋਇਆ ਸੀ। 

ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ
ਸੰਮਤ 1765 'ਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲ ਹਾਕਮਾਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਨੂੰ ਪੰਜ ਤੀਰ ਤੇ ਨਿਸ਼ਾਨ ਸਾਹਿਬ ਦੇ ਕੇ ਭੇਜਿਆ ਸੀ, ਜਿਸ 'ਤੇ ਬਾਬਾ ਜੀ ਨੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਹੀ ਸੰਮਤ 1771 'ਚ ਕਲਾਨੌਰ ਤੇ ਬਟਾਲੇ ਦੇ ਹਾਕਮਾਂ ਨੂੰ ਸੋਧਿਆ ਸੀ। ਬਾਬਾ ਜੀ ਨੇ ਇਸ ਸ਼ਹਿਰ 'ਚ ਕੁੱਝ ਚਿਰ ਆਰਾਮ ਕੀਤਾ, ਜੋ ਅੱਜ ਕੱਲ ਮੁਹੱਲਾ ਖੰਡਾ ਖੋਲਾ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਇਹ ਵੀ ਗੁਰਦੁਆਰਾ ਸ੍ਰੀ ਸਤਿਕਰਤਾਰੀਆ ਦੇ ਨਜ਼ਦੀਕ ਹੀ ਸਥਿਤ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਨੂੰ ਜਾਣ ਵਾਲਾ ਮਾਰਗ ਬਟਾਲਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ 1.5 ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਤੇ ਇਹ ਅਸਥਾਨ ਸ਼Îਹਿਰ ਦੇ ਹਰ ਪਾਸੇ ਤੋਂ ਸੜਕੀ ਆਵਾਜਾਈ ਨਾਲ ਜੁੜਿਆ ਹੋਇਆ ਹੈ।