ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਹੈ ਮੋਦੀ ਸਰਕਾਰ : ਜਾਖੜ

12/08/2017 8:12:28 PM

ਬਟਾਲਾ,(ਬੇਰੀ)— ਮੋਦੀ ਸਰਕਾਰ ਲੋਕਾਂ ਦੇ ਸਵਾਲਾਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਤੋਂ ਭੱਜਦੀ ਫਿਰ ਰਹੀ ਹੈ ਕਿਉਂਕਿ ਲੋਕ ਸਭਾ ਦਾ ਜੋ ਸੈਸ਼ਨ 13 ਨਵੰਬਰ ਨੂੰ ਬੁਲਾਇਆ ਜਾਣਾ ਸੀ, ਨੂੰ ਇਕ ਮਹੀਨੇ ਲਈ ਟਾਲ ਦਿੱਤਾ ਗਿਆ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਕੋਲ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਇਹ ਵਿਚਾਰ ਅੱਜ ਸਥਾਨਕ ਵੀ. ਐੱਮ. ਐੱਸ. ਇੰਸਟੀਚਿਊਟ ਵਿਖੇ ਅਸ਼ਵਨੀ ਸੇਖੜੀ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਦੀ ਅਗਵਾਈ 'ਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਹੇ। 
ਜਾਖੜ ਨੇ ਕਿਹਾ ਕਿ ਹੁਣ 15 ਦਸੰਬਰ ਨੂੰ ਲੋਕ ਸਭਾ ਦਾ ਸੈਸ਼ਨ ਬੁਲਾਇਆ ਜਾਣਾ ਪ੍ਰਸਤਾਵਿਤ ਹੈ ਅਤੇ ਇਸ ਸੈਸ਼ਨ 'ਚ ਉਹ ਬਾਰਡਰ ਖੇਤਰ ਦੀਆਂ ਸਮੱਸਿਆਵਾਂ, ਨੌਜਵਾਨਾਂ ਦੀਆਂ ਸਮੱਸਿਆਵਾਂ ਅਤੇ ਹੋਰ ਭੱਖਦੇ ਮੁੱਦਿਆਂ ਨੂੰ ਚੁੱਕਣਗੇ। 
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਤੋਂ ਪਹਿਲਾਂ ਕਿਸੇ ਨੇ ਵੀ ਕਦੀ ਗੈਂਗਵਾਰ ਦਾ ਨਾਂ ਨਹੀਂ ਸੁਣਿਆ ਸੀ ਪਰ ਪਿਛਲੇ 10 ਸਾਲਾਂ 'ਚ ਜਿਸ ਤਰ੍ਹਾਂ ਤੋਂ ਛੋਟੇ-ਮੋਟੇ ਗੈਂਗ ਉੱਠੇ ਹਨ, ਉਹ ਸਾਰੇ ਅਕਾਲੀ-ਭਾਜਪਾ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਜੋ ਵੀ ਬੀਜਿਆ ਸੀ, ਉਹੀ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਵੱਡੀ ਗਿਣਤੀ 'ਚ ਲੋਕ ਕਾਂਗਰਸ ਨੂੰ ਵੋਟ ਪਾ ਕੇ ਉਨ੍ਹਾਂ ਦੇ ਉਮੀਦਵਾਰ ਨੂੰ ਜੇਤੂ ਬਣਾਉਣਗੇ। 
 ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਵਿਜ਼ਨ ਡਾਕੂਮੈਂਟ ਸ਼ਹਿਰਾਂ ਦੇ ਵਿਕਾਸ ਲਈ ਜਾਰੀ ਕੀਤਾ ਗਿਆ ਹੈ, ਉਸ ਨਾਲ ਸ਼ਹਿਰਾਂ ਦੇ ਵਿਕਾਸ 'ਚ ਫੰਡ ਦੀ ਕਮੀ ਨਹੀਂ ਆਏਗੀ ਅਤੇ ਸ਼ਹਿਰਾਂ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਬਟਾਲਾ ਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਐੱਸ. ਡੀ. ਐੱਮ. ਬਟਾਲਾ ਅਤੇ ਈ. ਓ. ਨਗਰ ਕੌਂਸਲ ਬਟਾਲਾ ਨਾਲ ਇਸ ਸਬੰਧੀ ਜਲਦ ਮੀਟਿੰਗ ਕਰਨਗੇ ਅਤੇ ਇਨ੍ਹਾਂ ਮੁਸ਼ਕਲਾਂ ਦਾ ਸਥਾਈ ਹੱਲ ਕੱਢਣਗੇ। ਇਸ ਮੌਕੇ ਅਸ਼ਵਨੀ ਸੇਖੜੀ ਵਲੋਂ ਸੁਨੀਲ ਜਾਖੜ ਦਾ ਬਟਾਲਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਗਿਆ।