ਪ੍ਰੇਮੀ ਨੇ ਪ੍ਰੇਮਿਕਾ ਦੇ ਪਤੀ ’ਤੇ ਪਹਿਲਾਂ ਚਲਾਈਆਂ ਗੋਲੀਆਂ, ਫਿਰ ਗੱਡੀ ਚੜ੍ਹਾ ਤੋੜਿਆ ਪੈਰ

02/18/2020 4:20:42 PM

ਬਟਾਲਾ (ਬੇਰੀ) - ਬੀਤੀ ਦੇਰ ਰਾਤ ਬਟਾਲਾ ਦੇ ਨਿਊ ਮਾਡਲ ਟਾਊਨ ਇਲਾਕੇ ’ਚ ਇਕ ਪ੍ਰੇਮੀ ਵਲੋਂ ਆਪਣੀ ਪ੍ਰੇਮਿਕਾ ਦੇ ਪਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਮਾਰਨ ਤੋਂ ਬਾਅਦ ਜਦੋਂ ਉਸ ਦੀ ਜਾਨ ਬੱਚ ਗਈ ਤਾਂ ਪ੍ਰੇਮੀ ਨੇ ਉਸ ’ਤੇ ਗੱਡੀ ਚੜ੍ਹਾ ਪੈਰ ਤੋੜ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲਸ ਚੌਂਕੀ ਸਿੰਬਲ ਬਟਾਲਾ ਦੇ ਇੰਚਾਰਜ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਰੰਧਾਵਾ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਸਤਿੰਦਰਪਾਲ ਸਿੰਘ ਉਰਫ ਲਾਡੀ ਪੁੱਤਰ ਨਿਰੰਜਨ ਸਿੰਘ ਦੱਸਿਆ ਕਿ ਬੀਤੀ ਦੇਰ ਰਾਤ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਆਪਣੇ 2 ਸਾਥੀਆਂ ਅਜੈ ਪੁੱਤਰ ਬਲਦੇਵ ਸਿੰਘ ਅਤੇ 1 ਅਣਪਛਾਤੇ ਵਿਅਕਤੀ ਨਾਲ ਕਾਰ ’ਚ ਸਵਾਰ ਹੋ ਕੇ ਆਇਆ। ਸਤਿੰਦਰਪਾਲ ਅਨੁਸਾਰ ਜਦ ਉਸਨੇ ਗੁਰਪ੍ਰੀਤ ਦਾ ਵਿਰੋਧ ਕੀਤਾ ਤਾਂ ਉਸਨੇ ਉਸ ’ਤੇ 3-4 ਫਾਇਰ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸਨੇ ਆਪਣਾ ਬੜੀ ਮੁਸ਼ਕਲ ਨਾਲ ਬਚਾਅ ਕੀਤਾ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਆਪਣੀ ਗੱਡੀ ਉਸ ਦੇ ਪੈਰ ’ਤੇ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦਾ ਪੈਰ ਟੁੱਟ ਗਿਆ ਅਤੇ ਗੁਰਪ੍ਰੀਤ ਸਿੰਘ ਉਸ ਦੀ ਪਤਨੀ ਨੂੰ ਲੈ ਕੇ ਸਾਥੀਆਂ ਨਾਲ ਫਰਾਰ ਹੋ ਗਿਆ।

ਚੌਕੀ ਇੰਚਾਰਜ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਐੱਸ.ਐੱਚ.ਓ ਮੁਖਤਿਆਰ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਸਤਿੰਦਰਪਾਲ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਭਰਤੀ ਕਰਵਾਇਆ। ਚੌਕੀ ਇੰਚਾਰਜ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ’ਚ ਜਾਂਚ ਕਰਨ ’ਤੇ ਪਤਾ ਲੱਗਾ ਕਿ ਪਿਛਲੇ ਕਾਫੀ ਸਮੇਂ ਤੋਂ ਸੁਖਬੀਰ ਤੇ ਗੁਰਪ੍ਰੀਤ ਦੇ ਨਾਜਾਇਜ਼ ਸੰਬੰਧ ਸਨ। ਪੁਲਸ ਨੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ’ਚ ਔਰਤ ਸੁਖਬੀਰ ਸਣੇ ਗੁਰਪ੍ਰੀਤ ਸਿੰਘ, ਅਜੈ ਤੇ ਇਕ ਹੋਰ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਦਿੱਤਾ। 

rajwinder kaur

This news is Content Editor rajwinder kaur