ਧੋਖਾਧੜੀ ਦੇ ਮਾਮਲੇ ''ਚ ਇਕ ਵਿਅਕਤੀ ਗ੍ਰਿਫਤਾਰ

10/18/2019 5:09:03 PM

ਬਟਾਲਾ (ਗੁਰਪ੍ਰੀਤ) : ਬਟਾਲਾ ਪੁਲਸ ਨੇ ਧੋਖਾਧੜੀ ਦੇ ਮਾਮਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੀ ਇਕ ਕੰਪਨੀ ਦੇ ਡਾਇਰੈਕਟਰ ਸੁਰਿੰਦਰਪਾਲ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਦੇ ਖਿਲਾਫ 2014 'ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ ਪਰ ਉਹ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਸਨ। ਅੱਜ ਪੁਲਸ ਨੇ ਸੁਰਿੰਦਰਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਸੁਰਿੰਦਰਪਾਲ ਦੀ ਲੁਧਿਆਣਾ 'ਚ ਪਲਾਂਟ ਅਤੇ ਫਲੈਟ ਖਰੀਦਣ-ਵੇਚਣ ਦੀ ਕੰਪਨੀ ਸੀ। ਬਟਾਲਾ ਦੇ ਰਹਿਣ ਵਾਲੇ ਪ੍ਰਾਪਟੀ ਡੀਲਰ ਮੋਹਿਤ ਖੋਸਲਾ ਨੇ ਸੁਰਿੰਦਰਪਾਲ ਦੀ ਕੰਪਨੀ ਤੋਂ ਇਕ ਫਲੈਟ ਅਤੇ ਪਲਾਂਟ ਖਰੀਦਣ ਦਾ ਸੌਦਾ ਕੀਤਾ ਸੀ ਤੇ 43 ਲੱਖ 60 ਹਜ਼ਾਰ ਰੁਪਏ ਉਸ ਨੂੰ ਦਿੱਤੇ ਪਰ ਸੁਰਿੰਦਰਪਾਲ ਕਾਫੀ ਸਮੇਂ ਤੋਂ ਪਲਾਂਟ ਦੀ ਰਜਿਸਟ੍ਰਰੀ ਕਰਵਾਉਣ 'ਚ ਟਾਲ-ਮਟੋਲ ਕਰਦਾ ਆ ਰਿਹਾ ਸੀ। ਲੁਧਿਆਣਾ ਜਾ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਪਲਾਂਟ ਦੀ ਰਜਿਸਟ੍ਰਰੀ ਸੁਰਿੰਦਰਪਾਲ ਨੇ ਆਪਣੀ ਪਤਨੀ ਅਤੇ ਬੇਟੀ ਨਾਮ ਕਰਵਾ ਲਈ ਸੀ। ਜਦੋਂ ਇਸ ਸਬੰਧੀ ਮੋਹਿਤ ਨੇ ਸੁਰਿੰਦਰਪਾਲ ਨਾਲ ਗੱਲ ਕੀਤੀ ਤਾਂ ਉਸ ਨੇ 24 ਲੱਖ ਦਾ ਚੈੱਕ ਉਸ ਨੂੰ ਦੇ ਦਿੱਤਾ, ਜੋ ਬਾਊਂਸ ਹੋ ਗਿਆ। ਇਸ ਮਾਮਲੇ 'ਚ ਪੁਲਸ ਨੇ ਸੁਰਿੰਦਰਪਾਲ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Baljeet Kaur

This news is Content Editor Baljeet Kaur