ਬਟਾਲਾ : ਖਤਰੇ ਸਾਏ ਹੇਠ ਦੇਸ਼ ਦਾ ਭਵਿੱਖ (ਤਸਵੀਰਾਂ)

01/11/2019 2:24:36 PM

ਬਟਾਲਾ (ਮਠਾਰੂ) : ਵਿੱਦਿਆ ਦਾ ਮਿਆਰ ਉੱਚਾ ਚੁੱਕਣ ਦਾ ਦਾਅਵਾ ਕਰਨ ਵਾਲੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਵਾਅਦਿਆਂ ਦਾ ਮੂੰਹ ਚਿੜਾਉਂਦਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਫੈਜਪੁਰਾ, ਜਿਥੋਂ ਦੀ ਬਿਲਡਿੰਗ ਦਾ ਬਹੁਤ ਹੀ ਮਾੜਾ ਹਾਲ ਹੈ। ਸਕੂਲ ਦੀ ਬਿਲਡਿੰਗ ਕਿਸੇ ਵੀ ਸਮੇਂ ਡਿੱਗ ਸਕਦੀ ਹੈ, ਜਿਸ ਕਾਰਨ ਸਕੂਲ ਵਿਚ ਪੜ੍ਹਾਈ ਕਰਦੇ ਬੱਚੇ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।  ਜਦੋਂ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਕੜਾਕੇ ਦੀ ਠੰਡ 'ਚ ਸਕੂਲ ਵਿਚ ਪੜ੍ਹਦੇ ਮਾਸੂਮ ਬੱਚੇ ਖੁੱਲ੍ਹੇ ਆਸਮਾਨ ਹੇਠ ਬੈਠ ਕੇ ਪੜ੍ਹਾਈ ਕਰਨ ਲਈ ਮਜਬੂਰ ਦੇਖੇ ਗਏ। ਠੰਡ 'ਚ ਠਰਦੇ ਬੱਚੇ ਭਾਵੇਂ ਮੂੰਹ ਤੋਂ ਕੁਝ ਨਹੀਂ ਬੋਲੇ ਪ੍ਰੰਤੂ ਅੰਦਰੋਂ-ਅੰਦਰੀ ਸਿੱÎਖਿਆ ਵਿਭਾਗ ਅਤੇ ਸਰਕਾਰ ਨੂੰ ਜ਼ਰੂਰ ਕੋਸ ਰਹੇ ਹੋਣਗੇ। ਇਸ ਪ੍ਰੀ-ਪ੍ਰਾਇਮਰੀ ਸਕੂਲ ਵਿਚ 60 ਤੋਂ ਵੱਧ ਬੱਚੇ ਪੜ੍ਹਦੇ ਹਨ ਅਤੇ ਇਸੇ ਸਕੂਲ ਵਿਚ ਆਂਗਣਵਾੜੀ ਸਕੂਲ ਵੀ ਚਲਦਾ ਹੈ।

ਪਿਛਲੇ ਲੰਬੇ ਸਮੇਂ ਤੋਂ ਸਕੂਲ ਦੀ ਬਿਲਡਿੰਗ ਦਾ ਮੰਦਾ ਹਾਲ ਹੈ। ਕਲਾਸਾਂ ਦੀਆਂ ਛੱਤਾਂ ਕਾਫੀ ਹੱਦ ਤਕ ਡਿੱਗ ਚੁੱਕੀਆਂ ਹਨ ਅਤੇ ਬਾਕੀ ਰਹਿੰਦਾ ਸਕੂਲ ਦੀ ਬਿਲਡਿੰਗ ਦਾ ਢਾਂਚਾ ਕਿਸੇ ਸਮੇਂ ਵੀ ਡਿੱਗ ਸਕਦਾ ਹੈ, ਜਿਸ ਵੱਲ ਸਰਕਾਰ ਅਤੇ ਸਿੱÎਖਿਆ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ ਹੈ, ਜਿਸ ਕਾਰਨ ਦੇਸ਼ ਦਾ ਭਵਿੱਖ ਖਤਰੇ 'ਚ ਹੈ। ਜੇਕਰ ਸਿੱਖਿਆ ਵਿਭਾਗ ਨੇ ਤੁਰੰਤ ਇਸ ਵੱਲ ਧਿਆਨ ਨਾ ਦਿੱਤਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ, ਜਿਸ ਲਈ ਸਿੱਧੇ ਤੌਰ 'ਤੇ ਸਿੱਖਿਆ ਵਿਭਾਗ ਜ਼ਿੰਮੇਵਾਰ ਹੋਵੇਗਾ। ਭਾਵੇਂ ਸਰਕਾਰ ਅਤੇ ਸਿੱਖਿਆ ਵਿਭਾਗ ਨਿੱਤ ਦਿਨ ਵੱਡੇ-ਵੱਡੇ ਵਾਅਦੇ ਕਰਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ। ਵਿਭਾਗ ਤਾਂ ਇਹ ਵੀ ਕਹਿੰਦਾ ਹੈ ਕਿ ਸਰਕਾਰੀ ਸਕੂਲ ਪ੍ਰਾਇਵੇਟ ਸਕੂਲਾਂ ਨਾਲੋਂ ਵੀ ਬੇਹਤਰ ਸੇਵਾਵਾਂ ਦੇ ਰਿਹਾ ਹੈ ਪ੍ਰੰਤੂ ਅਸਲ ਹਕੀਕਤ ਕੁਝ ਹੋਰ ਹੀ ਹੈ। ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਦੀ ਮੁਹਿੰਮ ਚਲਾਉਣ ਦੇ ਵਾਅਦੇ ਕਰਨ ਵਾਲੇ ਸਿੱਖਿਆ ਵਿਭਾਗ ਦੀਆਂ ਬਿਲਡਿੰਗ ਦੀ ਬਹੁਤ ਹੀ ਮੰਦੀ ਹਾਲਤ ਹੈ। ਸਕਰਾਰ ਅਤੇ ਸਿੱਖਿਆ ਵਿਭਾਗ ਸਮਾਰਟ ਸਕੂਲ ਅਤੇ ਮੈਰੀਟੋਰੀਅਸ ਸਕੂਲਾਂ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ, ਜੋ ਇਕ ਵਧੀਆ ਉਪਰਾਲਾ ਹੈ ਪ੍ਰੰਤੂ ਸਰਕਾਰ ਨੂੰ ਬਾਕੀ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਕਿਸੇ ਇਕ ਗਲਤੀ ਸਾਰਿਆਂ 'ਤੇ ਭਾਰੀ ਨਾ ਪੈ ਜਾਵੇ। 

ਕੀ ਕਹਿਣਾ ਹੈ ਸਕੂਲ ਇੰਚਾਰਜ ਦਾ 
ਇਸ ਸਬੰਧੀ ਸਕੂਲ ਇੰਚਾਰਜ ਮੈਡਲ ਜਤਿੰਦਰ ਕੌਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਕੂਲ ਦੀ ਬਿਲਡਿੰਗ ਦਾ ਇਹੋ ਹਾਲ ਹੈ। ਉਨ੍ਹਾਂ ਨੇ ਕਈ ਵਾਰ ਇਸ ਸਬੰਧੀ ਪੱਤਰ ਵਿਭਾਗ ਨੂੰ ਲਿਖੇ ਹਨ ਅਤੇ ਸਕੂਲ ਦੀ ਬਿਲਡਿੰਗ ਦੀ ਮਾੜੀ ਹਾਲਤ ਤੋਂ ਜਾਣੂ ਕਰਵਾਇਆ ਹੈ। 
'ਸਕੂਲ ਦੀ ਜੋ ਵੀ ਮੁਸ਼ਕਿਲ ਹੈ, ਜਲਦ ਹੱਲ ਕਰ ਦਿੱਤੀ ਜਾਵੇਗੀ'

ਇਸ ਸਬੰਧੀ ਜਦੋਂ ਡੀ.ਈ.ਓ ਵਿਨੋਦ ਮੱਤਰੀ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ  ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਨਵਾਂ ਚਾਰਜ ਸੰਭਾਲਿਆ ਹੈ ਅਤੇ ਫਿਲਹਾਲ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਸਕੂਲ ਦੀ ਮਾੜੀ ਹਾਲਤ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਹੀ ਇਸ ਪਾਸੇ ਧਿਆਨ ਦੇਣਗੇ ਅਤੇ ਸਕੂਲ ਦੀ ਜੋ ਵੀ ਮੁਸ਼ਕਿਲ ਹੈ, ਜਲਦ ਹੱਲ ਕਰ ਦਿੱਤੀ ਜਾਵੇਗੀ। 

ਕੌਂਸਲਰ ਰਾਜ ਕੁਮਾਰ
ਫੈਜਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਦੀ ਹਾਲਤ ਬਹੁਤ ਹੀ ਮਾੜੀ ਹੈ ਤੇ ਇਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ,  ਜਿਸ ਕਾਰਨ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਭਾਰੀ ਸਰਦੀ ਹੋਣ ਦੇ ਕਾਰਨ ਸਕੂਲ ਦੇ ਵਿਚ ਪੜ੍ਹਦੇ ਛੋਟੇ-ਛੋਟੇ ਬੱਚਿਆਂ ਨੂੰ ਬਾਹਰ ਠੰਡ ਵਿਚ ਬੈਠਣਾ ਪੈ ਰਿਹਾ ਹੈ ਜ਼ਿਆਦਾ ਠੰਡ ਹੋਣ ਕਾਰਨ ਕਾਫੀ ਬੱਚੇ ਬੀਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਵਿਭਾਗ ਨੂੰ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਕੋਈ ਹਾਦਸਾ ਨਾ ਵਾਪਰੇ।  

Baljeet Kaur

This news is Content Editor Baljeet Kaur