ਭਾਜਪਾ ਆਗੂ ਵਲੋਂ ਕਾਰਪੋਰੇਸ਼ਨ ਇੰਸਪੈਕਟਰ ਨੂੰ ਫੋਨ ''ਤੇ ਧਮਕਾਉਣ ਦੀ ਆਡੀਓ ਵਾਇਰਲ

12/25/2019 5:51:22 PM

ਬਟਾਲਾ (ਗੁਰਪ੍ਰੀਤ) : ਬਟਾਲਾ 'ਚ ਭਾਜਪਾ ਆਗੂ ਵਲੋਂ ਬਟਾਲਾ ਕਾਰਪੋਰੇਸ਼ਨ ਇੰਸਪੈਕਟਰ ਨੂੰ ਫੋਨ 'ਤੇ ਧਮਕਾਉਣ ਤੇ ਗਲਤ ਸ਼ਬਦ ਬੋਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਆਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ 'ਚ ਕਾਰਪੋਰੇਸ਼ਨ ਇੰਸਪੈਕਟਰ ਨੇ ਨਗਰ ਕਮਿਸ਼ਨਰ ਨੂੰ ਭਾਜਪਾ ਆਗੂ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਇਸ ਮਾਮਲੇ 'ਚ ਬੋਲਦਿਆਂ ਭਾਜਪਾ ਆਗੂ ਨੇ ਕਿਹਾ ਕਿ ਫੋਨ 'ਤੇ ਹੋਈ ਗੱਲ ਨੂੰ ਸਿਰਫ ਰਾਜਨੀਤਿਕ ਰੰਗਤ ਦਿੱਤੀ ਜਾ ਰਹੀ ਹੈ, ਜੋ ਕਿ ਗਲਤ ਹੈ।

ਮਾਮਲਾ ਬਟਾਲਾ ਦਾ ਹੈ ਜਿਥੇ ਨਗਰ ਨਿਗਮ ਇੰਸਪੈਕਟਰ ਅਮਰਜੀਤ ਸਿੰਘ ਵਲੋਂ ਕੁਝ ਦਿਨ ਪਹਿਲਾਂ ਸ਼ਹਿਰ 'ਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਸੀ ਅਤੇ ਕੁਝ ਦੁਕਾਨਾਂ ਦੇ ਚਲਾਨ ਵੀ ਕੱਟੇ ਗਏ ਸਨ। ਜਿਸ ਨੂੰ ਲੈ ਕੇ ਇੰਸਪੈਕਟਰ ਅਮਰਜੀਤ ਸਿੰਘ ਦਾ ਕਹਿਣਾ ਹੈ ਇਸ ਕਾਰਵਾਈ ਦੇ ਚੱਲਦੇ ਭਾਜਪਾ ਆਗੂ ਤੇ ਬਟਾਲਾ ਦੇ ਸਾਬਕਾ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਵਲੋਂ ਉਨ੍ਹਾਂ ਨੂੰ ਫੋਨ ਕਰਕੇ ਧਮਕਾਇਆ ਗਿਆ ਅਤੇ ਗਲਤ ਸ਼ਬਦ ਬੋਲੇ ਗਏ। ਇਸ ਦੀ ਰਿਕਾਰਡਿੰਗ ਵੀ ਉਨ੍ਹਾਂ ਦੇ ਕੋਲ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਨਗਰ ਕਮਿਸ਼ਨਰ ਨੂੰ ਇਸ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਆਗੂ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਜਿਨ੍ਹਾਂ ਦੁਕਾਨਾਂ ਦੇ ਚਾਲਾਨ ਕੱਟੇ ਗਏ ਹਨ ਉਨ੍ਹਾਂ 'ਚੋਂ ਇਕ ਦੁਕਾਨ ਉਨ੍ਹਾਂ ਦੇ ਰਿਸ਼ਤੇਦਾਰ ਦੀ ਹੈ।

ਉਥੇ ਹੀ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਭਾਜਪਾ ਆਗੂ ਨਰੇਸ਼ ਮਹਾਜਨ ਨੇ ਕਿਹਾ ਕਿ ਉਨ੍ਹਾਂ ਕੋਲ ਲੋਕਾਂ ਦੇ ਕਈ ਕੰਮ ਆਉਂਦੇ ਰਹਿੰਦੇ ਹਨ, ਜਿਸ ਨੂੰ ਲੈ ਕੇ ਉਨ੍ਹਾਂ ਦੀ ਨਗਰ ਨਿਗਮ ਦੇ ਇੰਸਪੈਕਟਰ ਨਾਲ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਗਲਤ ਸ਼ਬਦ ਇੰਸਪੈਕਟਰ ਨੂੰ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਫੋਨ 'ਤੇ ਕੀਤੀ ਗਈ ਗੱਲ ਨੂੰ ਰਾਜਨੀਤਿਕ ਰੰਗਤ ਦਿੱਤੀ ਜਾ ਰਹੀ ਹੈ। ਲੋਕਾਂ ਵਲੋਂ ਉਨ੍ਹਾਂ ਨੂੰ ਇੰਸਪੈਕਟਰ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇੰਸਪੈਕਟਰ ਉਨ੍ਹਾਂ ਕੋਲੋਂ ਰਿਸ਼ਵਤ ਲੈਂਦਾ ਹੈ। ਇਸ ਮਾਮਲੇ 'ਚ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇੰਸਪੈਕਟਰ ਅਮਰਜੀਤ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜੋ ਐੱਸ.ਐੱਸ.ਪੀ. ਬਟਾਲਾ ਨੂੰ ਭੇਜ ਦਿੱਤੀ ਗਈ ਹੈ।

Baljeet Kaur

This news is Content Editor Baljeet Kaur