ਬਾਬੇ ਨਾਨਕ ਦੀ ਧਰਤੀ ''ਤੇ ਪਹੁੰਚ ਨਿਹਾਲ ਹੋਏ ਭਾਈ ਮਰਦਾਨਾ ਜੀ ਦੇ ਵੰਸ਼ਜ

02/15/2020 1:02:27 PM

ਬਟਾਲਾ (ਗੁਰਪ੍ਰੀਤ ਚਾਵਲਾ) : ਗੁਰੂਆਂ ਦੇ ਗੁਰੂ ਤੇ ਪੀਰਾਂ ਦੇ ਪੀਰ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਵੀ ਯਾਦ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਸੰਗੀ ਸਾਥੀ ਭਾਈ ਮਰਦਾਨਾ ਜੀ ਦਾ ਨਾਂ ਆਪ-ਮੁਹਾਰੇ ਮੂੰਹ 'ਤੇ ਆ ਜਾਂਦਾ ਹੈ। ਸੱਚੇ ਪਾਤਸ਼ਾਹ ਦੇ ਸਾਥ ਦਾ ਆਨੰਦ ਮਾਣਨ ਵਾਲੇ ਭਾਈ ਮਰਦਾਨਾ ਜੀ ਸਿੱਖਾਂ 'ਚ ਬੇਹੱਦ ਸਤਿਕਾਰਤ ਹਨ। ਸੱਚੇ ਪਾਤਸ਼ਾਹ ਬਾਣੀ ਰੱਚਦੇ ਤਾਂ ਭਾਈ ਮਰਦਾਨਾ ਜੀ ਰਬਾਬ 'ਤੇ ਅਜਿਹੇ ਸੁਰ ਛੇੜਦੇ ਕਿ ਇਲਾਹੀ ਬਾਣੀ ਧੁਰ ਅੰਦਰ ਤੱਕ ਉੱਤਰ ਜਾਂਦੀ ਹੈ। ਭਾਈ ਮਰਦਾਨਾ ਦੇ ਵਾਰਸ ਅੱਜ ਵੀ ਪਾਕਿਸਤਾਨ ਵਿਚ ਉਨ੍ਹਾਂ ਦੀ ਵਿਰਾਸਤ ਨੂੰ ਸਾਂਭੀ ਬੈਠੇ ਹਨ। ਸ਼ੁੱਕਰਵਾਰ ਉਨ੍ਹਾਂ ਦੇ ਵੰਸ਼ਜ ਪਾਕਿਸਤਾਨ ਤੋਂ ਭਾਰਤ ਆਏ ਤਾਂ ਭਾਰਤ ਵਿਚ ਵੀ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।  ਭਾਈ ਮਰਦਾਨਾ ਜੀ ਦੇ ਵੰਸ਼ਜ ਰੱਬਾਬੀ ਭਾਈ ਇਨਾਮ ਅਲੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਬਟਾਲਾ ਸ਼ਹਿਰ ਪਹੁੰਚੇ। ਭਾਰਤ ਪਹੁੰਚਣ 'ਤੇ ਇਨਾਮ ਅਲੀ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਨੇ ਜੋ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ ਦੇ ਦਰਸ਼ਨਾਂ ਦਾ ਮੌਕਾ ਮਿਲਿਆ। ਰਬਾਬੀ ਭਾਈ ਇਨਾਮ ਅਲੀ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ 'ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਅਪੀਲ ਕੀਤੀ ਕਿ ਦੋਹਾਂ ਦੇਸ਼ਾਂ ਦਾ ਪਿਆਰ ਬਣਿਆ ਰਹੇ।

ਦੱਸ ਦੇਈਏ ਕਿ ਭਾਈ ਇਨਾਮ ਅਲੀ ਤੇ ਉਨ੍ਹਾਂ ਦੇ ਸਾਥੀ 28 ਫਰਵਰੀ ਤੱਕ ਭਾਰਤ ਵਿਚ ਰਹਿਣਗੇ। ਇਸ ਦੌਰਾਨ ਉਹ ਪੰਜਾਬ ਵਿਚ ਵੱਖ-ਵੱਖ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰ ਰਬਾਬ 'ਤੇ ਰੱਬੀ ਬਾਣੀ ਦਾ ਗਾਇਨ ਕਰ ਲੋਕਾਂ ਨੂੰ ਮੰਤਰ ਮੁਗਧ ਕਰਨਗੇ।

Baljeet Kaur

This news is Content Editor Baljeet Kaur