ਆਬੂਧਾਬੀ ''ਚ ਮੌਤ ਦੇ ਮੂੰਹ ''ਚ ਗਏ ਨੌਜਵਾਨ ਦੇ ਪਰਿਵਾਰ ਦੀ ਡਾ.ਓਬਰਾਏ ਨੇ ਫੜ੍ਹੀ ਬਾਂਹ

06/12/2020 9:56:18 AM

ਬਟਾਲਾ (ਮਠਾਰੂ) : ਬੀਤੇ ਦਿਨ ਆਬੂਧਾਬੀ ਵਿਖੇ ਮੌਤ ਦੇ ਮੂੰਹ 'ਚ ਪ੍ਰਭਦੀਪ ਸਿੰਘ (22) ਪੁੱਤਰ ਗੁਰਨਾਮ ਸਿੰਘ ਵਾਸੀ ਸ਼ਾਹਪੁਰ ਜਾਜਨ ਦੀ ਮਿਤ੍ਰਕ ਦੇਹ ਨੂੰ ਆਬੂਧਾਬੀ ਤੋਂ ਜੱਦੀ ਪਿੰਡ ਲਿਆਉਣ ਵਾਲੇ ਦੁਬਈ ਦੇ ਸਿੱਖ ਸਰਦਾਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ . ਪੀ. ਸਿੰਘ ਓਬਰਾਏ ਵੱਲੋਂ ਨੇਕ ਉਪਰਾਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਇਕਲੌਤੇ ਪੁੱਤਰ ਦਾ ਆਸਰਾ ਗਰੀਬ ਮਾਤਾ-ਪਿਤਾ ਦੇ ਸਿਰ ਤੋਂ ਉੱਠ ਜਾਣ ਤੋਂ ਪੀੜਤ ਪਰਿਵਾਰ ਦੀ ਬਾਂਹ ਫੜਦਿਆਂ ਉਨ੍ਹਾਂ ਨੇ ਮਿਤ੍ਰਕ ਨੌਜਵਾਨ ਦੀ ਮਾਤਾ ਵਰਿੰਦਰ ਕੌਰ ਦੀ ਮਹੀਨਾਵਾਰ ਪੈਨਸ਼ਨ ਵੀ ਲਾਈ ਗਈ ਹੈ, ਜਿਸ ਤਹਿਤ ਸਰਬੱਤ ਦਾ ਭਲਾ ਟਰੱਸਟ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਸੈਕੇਟਰੀ ਹਰਮਿੰਦਰ ਸਿੰਘ ਨੇ ਪਿੰਡ ਸ਼ਾਹਪੁਰ ਜਾਜਨ ਵਿਖੇ ਪਹੁੰਚ ਕੇ ਜਿਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਉਥੇ ਨਾਲ ਹੀ ਪੈਨਸ਼ਨ ਲਗਾਉਣ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਦਿਆਂ ਮੌਕੇ 'ਤੇ ਹੀ ਮਾਤਾ ਵਰਿੰਦਰ ਕੌਰ ਨੂੰ ਪੈਨਸ਼ਨ ਦਾ ਪਹਿਲਾ ਚੈੱਕ ਭੇਟ ਕੀਤਾ। ਜਦਕਿ ਪਰਿਵਾਰ ਨੂੰ ਸਰਬੱਤ ਦਾ ਭਲਾ ਟਰੱਸਟ ਵਲੋਂ ਰਾਸ਼ਨ ਦੀ ਕਿੱਟ ਵੀ ਭੇਟ ਕੀਤੀ ਗਈ।

ਇਹ ਵੀ ਪੜ੍ਹੋਂ : ਭਿਆਨਕ ਸੜਕ ਹਾਦਸੇ 'ਚ ਟਰੈਕਟਰ ਚਾਲਕ ਦੀ ਮੌਤ, ਇਕ ਜ਼ਖਮੀ

ਇਸ ਮੌਕੇ ਟਰਸੱਟ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆ ਕਿ 17 ਅਪ੍ਰੈਲ 2020 ਨੂੰ ਮੌਤ ਦੇ ਮੂੰਹ 'ਚ ਗਏ 2 ਭੈਣਾਂ ਦੇ ਇਕਲੌਤੇ ਭਰਾ ਪ੍ਰਭਦੀਪ ਸਿੰਘ ਦੀ ਮਿਤ੍ਰਕ ਦੇਹ ਨੂੰ ਡਾ. ਸਿੰਘ ਓਬਰਾਏ ਯਤਨਾਂ ਸਦਕਾ 4 ਜੂਨ ਨੂੰ ਪਿੰਡ ਲਿਆਂਦਾ ਗਿਆ ਸੀ। ਪੁੱਤਰ ਦੀ ਮੌਤ ਤੋਂ ਬਾਅਦ ਬੇਸ਼ਹਾਰਾਂ ਹੋਏ ਬਜ਼ੁਰਗ ਮਾਪਿਆ ਦੀ ਹਾਲਤ ਬਾਰੇ ਜਦ ਡਾ. ਓਬਰਾਏ ਨੂੰ ਦੱਸਿਆ ਤਾਂ ਉਨ੍ਹਾਂ ਤੁਰੰਤ ਪਰਿਵਾਰ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਅੱਜ ਪੈਨਸ਼ਨ ਦਾ ਪਹਿਲਾ ਚੈੱਕ ਪਰਿਵਾਰ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਮ੍ਰਿਤਕ ਨੌਜਵਾਨ ਦੇ ਮਾਤਾ ਵਰਿੰਦਰ ਕੌਰ ਅਤੇ ਪਿਤਾ ਗੁਰਨਾਮ ਸਿੰਘ ਨੇ ਨਮ ਅੱਖਾਂ ਨਾਲ ਭਾਵੁਕ ਹੁੰਦਿਆ ਡਾ. ਓਬਰਾਏ ਦਾ ਧੰਨਵਾਦ ਕੀਤਾ।

 

Baljeet Kaur

This news is Content Editor Baljeet Kaur