ਬਾਸਕਟਬਾਲ : ਸੰਦੀਪ ਦਾ ਨਾਂ ਲਿਮਕਾ ਬੁੱਕ ''ਚ ਦਰਜ

03/02/2018 5:15:34 AM

ਮੋਗਾ (ਗਰੋਵਰ, ਗੋਪੀ)- ਪੰਜਾਬ ਦੇ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੇ ਨਿੱਕੇ ਜਿਹੇ ਪਿੰਡ ਬੱਡੂਵਾਲ ਦੇ ਸੰਦੀਪ ਸਿੰਘ ਨੇ ਜਿੱਥੇ ਫਿਰਕੀ ਵਾਂਗ ਉਂਗਲਾਂ 'ਤੇ ਬਾਸਕਟਬਾਲ ਨੂੰ ਘੁਮਾ ਕੇ ਪੂਰੀ ਦੁਨੀਆ 'ਚ ਆਪਣੀ ਕਲਾ ਦਾ ਲੋਹਾ ਮੰਨਵਾਇਆ ਹੈ, ਉਥੇ ਹੀ ਇਸ ਨੌਜਵਾਨ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ 'ਚ ਦਰਜ ਹੋਣ ਮਗਰੋਂ ਨੌਜਵਾਨ ਦੇ ਜੱਦੀ ਪਿੰਡ ਦੇ ਵਸਨੀਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। 
ਅਨੋਖੇ ਕੀਰਤੀਮਾਨ ਕਰਨ ਦੇ ਸਿਰਜਕ ਵਜੋਂ ਜਾਣੇ ਜਾਂਦੇ ਸੰਦੀਪ ਨੇ ਜਦੋਂ ਸਰਕਾਰੀ ਸਕੂਲ ਤੋਂ ਮੁੱਢਲੀ ਵਿੱਦਿਆ ਗ੍ਰਹਿਣ ਕਰਦਿਆਂ ਵਾਲੀਬਾਲ ਸ਼ੂਟਿੰਗ ਖੇਡਣੀ ਸ਼ੁਰੂ ਕੀਤੀ ਸੀ ਤਾਂ ਉਸਨੂੰ ਇਹ ਚਿਤ-ਚੇਤਾ ਵੀ ਨਹੀਂ ਸੀ ਕਿ ਉਸਦੀ ਲਗਨ, ਮਿਹਨਤ ਸਦਕਾ ਉਸਦਾ ਨਾਂ ਦੁਨੀਆ ਵਿਚ ਮਸ਼ਹੂਰ ਹੋ ਜਾਵੇਗਾ। ਆਮ ਕਿਸਾਨ ਪਰਿਵਾਰ ਮੁਖਤਿਆਰ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦਾ ਇਹ ਲਾਡਲਾ ਐੱਮ. ਏ. ਪੰਜਾਬੀ ਦਾ ਵਿਦਿਆਰਥੀ ਹੈ। ਸੰਦੀਪ ਨੇ ਇਹ ਐਵਾਰਡ ਮਿਲਣ ਮਗਰੋਂ ਇਸਦਾ ਸਿਹਰਾ ਆਪਣੀ ਮਿਹਨਤ ਅਤੇ ਮਾਪਿਆਂ ਨੂੰ ਦਿੰਦਿਆਂ 'ਜਗ ਬਾਣੀ' ਨੂੰ ਦੱਸਿਆ ਕਿ 2004 'ਚ ਉਸਨੇ ਇਕ ਉਂਗਲ 'ਤੇ ਵਾਲੀਬਾਲ ਘੁਮਾਉਣਾ ਸ਼ੁਰੂ ਕਰ ਕੀਤਾ ਅਤੇ ਜਲਦੀ ਹੀ ਅਮਰੀਕਾ ਦੇ ਡੈਵਿਟ ਕੈਨ ਦੁਆਰਾ ਬਣਾਇਆ 33 ਸੈਕੰਡ ਦਾ ਕੀਰਤੀਮਾਨ ਤੋੜ ਕੇ 45 ਸੈਕੰਡ ਦਾ ਨਵਾਂ ਰਿਕਾਰਡ ਬਣਾ ਦਿੱਤਾ। 
ਉਸ  ਨੇ ਕਿਹਾ ਕਿ ਇਸ ਮਗਰੋਂ ਉਸਦਾ ਉਤਸ਼ਾਹ ਵਧਦਾ ਗਿਆ ਤੇ ਉਸਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਬਾਸਕਟਬਾਲ ਦਾ ਪਹਿਲਾ ਰਿਕਾਰਡ ਵੀ ਤੋੜ ਕੇ ਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਮੂੰਹ 'ਚ ਦੰਦਾਂ ਵਾਲਾ ਬਰੱਸ਼ ਪਾ ਕੇ ਬਾਸਕਟਬਾਲ ਘੁਮਾਉਣ ਦਾ ਲਿਮਕਾ ਬੁੱਕ ਅਤੇ ਗਿਨੀਜ਼ ਬੁੱਕ ਦਾ 42.93 ਸੈਕੰਡ ਦਾ ਰਿਕਾਰਡ ਤੋੜ ਕੇ ਸੰਦੀਪ ਨੇ 47.47 ਸੈਕੰਡ ਦਾ ਨਵਾਂ ਰਿਕਾਰਡ ਵੀ ਬਣਾਇਆ ਸੀ। ਸੰਦੀਪ ਇਕੋ ਵੇਲੇ ਦੋਵੇਂ ਹੱਥਾਂ ਦੀਆਂ ਉਂਗਲਾਂ 'ਤੇ ਮੂੰਹ 'ਚ ਬਰੱਸ਼ ਪਾ ਕੇ ਬਾਸਕਟਬਾਲ ਘੁਮਾਉਣ ਵਾਲਾ ਨੇਪਾਲੀ ਥਾਣੇਸਵਰ ਗੁਰਗਈ ਦਾ ਰਿਕਾਰਡ ਤੋੜ ਕੇ ਵੀ ਆਪਣੇ ਨਾਂ ਕਰ ਚੁੱਕਾ ਹੈ। ਲਿਮਕਾ ਬੁੱਕ 'ਚ ਅੱਜ ਆਪਣਾ ਨਾਂ ਦਰਜ ਕਰਵਾਉਣ ਵਾਲਾ ਸੰਦੀਪ ਇਸ ਤੋਂ ਪਹਿਲਾਂ ਯੂਨੀਕ ਵਰਲਡ ਰਿਕਾਰਡ, ਗੋਲਡਨ ਵਰਲਡ ਰਿਕਾਰਡ ਅਤੇ ਯੂਨੀਵਰਸਲ ਵਰਲਡ ਰਿਕਾਰਡ ਸੰਸਥਾਵਾਂ ਕੋਲ ਆਪਣਾ ਨਾਂ ਦਰਜ ਕਰਵਾ ਚੁੱਕਾ ਹੈ।
ਦੁਨੀਆ 'ਚ ਤਿੰਨ ਬਾਲਾਂ ਘੁਮਾਉਣ ਦੀ ਸਮਰੱਥਾ ਰੱਖਣ ਕਰ ਕੇ ਦੁਨੀਆ ਦੇ ਦੂਸਰੇ ਖਿਡਾਰੀ ਬਣਿਆ ਸੰਦੀਪ ਆਖਦਾ ਹੈ ਕਿ ਜੇਕਰ ਮਨ 'ਚ ਕੁਝ ਕਰਨ ਦੀ ਤਮੰਨਾ ਹੋਵੇ ਤਾਂ ਕੋਈ ਵੀ ਰਿਕਾਰਡ ਬਣਾਉਣਾ ਦੂਰ ਨਹੀਂ ਹੁੰਦਾ।