ਅਲੋਪ ਹੋ ਰਹੇ ਪੰਛੀਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ ਇਹ ਪੰਜਾਬੀ (ਤਸਵੀਰਾਂ)

02/11/2020 3:03:23 PM

ਬਰਨਾਲਾ (ਪੁਨੀਤ ਮਾਨ) : ਪੰਛੀਆਂ ਦੀ ਚਹਿਕ ਸੁਣ ਕੇ ਹੁਣ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਪਰ ਸ਼ਾਇਦ ਹੀ ਲੋਕਾਂ ਨੂੰ ਇਸ ਦਾ ਅਹਿਸਾਸ ਹੋ ਰਿਹਾ ਹੋਵੇਗਾ। ਆਧੁਨਿਕਤਾ ਤੇ ਵਿਗਿਆਨ ਦੇ ਯੁੱਗ 'ਚ ਪੰਛੀਆਂ ਤੇ ਹੋਰ ਜੀਵ-ਜੰਤੂਆਂ ਦੀ ਕਈ ਕਿਸਮਾਂ ਅਲੋਪ ਹੋਣ ਦੀ ਕਗਾਰ 'ਤੇ ਹਨ ਪਰ ਪੰਜਾਬ ਦੇ ਕੁਝ ਨੌਜਵਾਨਾਂ ਦੀ ਮਿਹਨਤ ਸਦਕਾ ਅੱਜ ਅਲੋਪ ਹੋ ਰਹੀਆਂ ਕਿਸਮਾਂ ਮੁੜ ਤੋਂ ਨਜ਼ਰ ਆ ਰਹੀਆਂ ਹਨ। ਦਰਅਸਲ ਬਰਨਾਲਾ ਦੇ ਪਿੰਡ ਧੌਲਾ ਦੇ 6-7 ਨੌਜਵਾਨਾਂ ਨੇ 2008 ਤੋਂ ਇਨ੍ਹਾਂ ਪੰਛੀਆਂ ਨੂੰ ਬਚਾਉਣ ਲਈ ਆਲ੍ਹਣੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਤੇ ਅੱਜ ਇਨ੍ਹਾਂ ਨੌਜਵਾਨਾਂ ਦਾ ਸਾਥ ਪੂਰਾ ਪਿੰਡ ਦੇ ਰਿਹਾ ਹੈ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਲ੍ਹਣਿਆਂ ਨੂੰ ਲਗਾਉਣ ਦਾ ਕੰਮ ਪੂਰੇ ਪੰਜਾਬ ਦੇ ਲੋਕਾਂ ਨੂੰ ਸਿਖਾਇਆ ਜਾ ਰਿਹਾ ਹੈ।

ਇਸ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਜਗਤਾਰ ਅਤੇ ਉਸ ਦੇ ਸਾਥੀ ਸੰਦੀਪ ਧੌਲਾ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਨਾਲ ਅਲੋਪ ਹੋਈਆਂ ਕਿਸਮਾਂ 'ਚ ਵੱਡੀ ਗਿਣਤੀ 'ਚ ਇਜਾਫ਼ਾ ਹੋਇਆ ਹੈ। ਸੰਦੀਪ ਨੇ ਦੱਸਿਆ ਕਿ ਪੱਕੇ ਮਕਾਨ ਬਣਨ ਨਾਲ ਤੇ ਦਰਖੱਤਾਂ ਦੀ ਕਟਾਈ ਕਾਰਨ ਪੰਛੀਆਂ ਨੂੰ ਆਲ੍ਹਣੇ ਬਣਾਉਣ ਦੀ ਥਾਂ ਨਹੀਂ ਮਿਲ ਰਹੀ ਸੀ, ਜਿਸ ਕਾਰਨ ਹੋਲੀ-ਹੋਲੀ ਇਹ ਪ੍ਰਜਾਤੀਆਂ ਅਲੋਪ ਹੋਣ ਦੀ ਕਗਾਰ 'ਤੇ ਸਨ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਆਲ੍ਹਣੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

ਨਤੀਜਾ ਇਹ ਕਿ ਅੱਜ ਅਲੋਪ ਹੋ ਰਹੇ ਪੰਛੀਆਂ ਨੇ ਇਨ੍ਹਾਂ ਆਲ੍ਹਣਿਆਂ 'ਚ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਇਸ ਮੁਹਿੰਮ ਤੋਂ ਖੁਸ਼ ਹੋ ਕੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸਦੇ ਨਾਲ ਹੀ ਕਈ ਸੰਸਥਾਵਾਂ ਨੇ ਵੀ ਉਨ੍ਹਾਂ ਦਾ ਸਨਮਾਨ ਕੀਤਾ।

ਬੇਸ਼ੱਕ ਅੱਜ ਅਸੀਂ 21ਵੀਂ ਸਦੀ 'ਚ ਪੁੱਜ ਚੁੱਕੇ ਹਾਂ ਤੇ ਦੇਸ਼ 'ਚ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ ਪਰ ਸਾਨੂੰ ਇਸ ਵਿਕਾਸ ਦੀ ਕੀਮਤ ਵੀ ਚੁਕਾਉਣੀ ਪੈ ਰਹੀ ਹੈ। ਵਿਕਾਸ ਦੇ ਨਾਂ 'ਤੇ ਧੜੱਲੇ ਨਾਲ ਹੋ ਰਹੀ ਦਰਖੱਤਾਂ ਦੀ ਕਟਾਈ ਕਾਰਨ ਇਨ੍ਹਾਂ ਦਰਖੱਤਾਂ 'ਤੇ ਆਲ੍ਹਣੇ ਬਣਾ ਕੇ ਰਹਿਣ ਵਾਲੇ ਪੰਛੀਆਂ ਤੇ ਹੋਰ ਕਈ ਪ੍ਰਜਾਤੀਆਂ ਅਲੋਪ ਹੋਣ ਦੀ ਕਗਾਰ 'ਤੇ ਹਨ, ਜਿਸ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਰਿਹਾ ਹੈ।

cherry

This news is Content Editor cherry