ਬਰਨਾਲਾ ਦੇ ਇਸ ਪਿੰਡ ਦੇ ਲੋਕਾਂ ਨੇ ਖਤਮ ਕੀਤਾ ਹਿੰਦੂ-ਮੁਸਲਿਮ ਦੇ ਨਾਂ ’ਤੇ ਚੱਲ ਰਿਹਾ ਤਣਾਅ

02/06/2020 5:19:06 PM

ਬਰਨਾਲਾ (ਪੁਨੀਤ ਮਾਨ) - ਹਿੰਦੂ-ਮੁਸਲਿਮ ਦੇ ਨਾਂ ’ਤੇ ਪੂਰੇ ਦੇਸ਼ ’ਚ ਜਿਥੇ ਅੱਜ-ਕੱਲ ਤਣਾਅ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਬਰਨਾਲਾ ਜ਼ਿਲੇ ਦੇ ਪਿੰਡ ਮੂਮ ਦੇ ਲੋਕਾਂ ਨੇ ਇਸ ਤਣਾਅ ਨੂੰ ਖਤਮ ਕਰਦੇ ਹੋਏ ਇਕ ਮਿਸਾਲ ਕਾਇਮ ਕਰ ਦਿੱਤੀ। ਇਸ ਪਿੰਡ ਦੇ ਲੋਕਾਂ ਨੇ ਇਨਸਾਨੀਅਤ ਅਤੇ ਭਾਈਚਾਰੇ ਦੇ ਸਦਕਾ ਪਿੰਡ ਦੀ ਇਕੋ ਥਾਂ ’ਤੇ ਲੋਕਾਂ ਦੇ ਲਈ ਗੁਰਦੁਆਰਾ ਸਾਹਿਬ, ਮਸਜਿਦ ਅਤੇ ਮੰਦਰ ਬਣਵਾਏ ਹਨ। ਇਸ ਤੋਂ ਇਲਾਵਾ ਪੂਰੇ ਪਿੰਡ ਦਾ ਸ਼ਮਸ਼ਾਨਘਾਟ ਵੀ ਸਿਰਫ ਅਤੇ ਸਿਰਫ ਇਕੋ ਹੀ ਹੈ। ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਮੂਮ ’ਚ ਪਹਿਲਾਂ ਸਿਰਫ ਗੁਰਦੁਆਰਾ ਸਾਹਿਬ ਅਤੇ ਮੰਦਰ ਹੀ ਸੀ, ਜਿਥੇ ਲੋਕ ਹਿੰਦੂ ਅਤੇ ਸਿੱਖ ਧਰਮ ਦੇ ਲੋਕ ਮੱਥਾ ਟੇਕਣ ਜਾਂਦੇ ਹਨ। ਪਿੰਡ ’ਚ ਰਹਿ ਰਹੇ ਮੁਸਲਮਾਨ ਧਰਮ ਦੇ ਲੋਕਾਂ ਨੂੰ ਨਮਾਜ ਅਦਾ ਕਰਨ ਦੇ ਲਈ ਦੂਜੀ ਥਾਂ ’ਤੇ ਬਣੀ ਮਸਜਿਦ ’ਚ ਜਾਣਾ ਪੈਦਾ ਸੀ।

ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਪਿੰਡ ’ਚ ਹੀ ਸਥਿਤ ਮੰਦਰ ਦੇ ਪੁਜਾਰੀਆਂ ਨੂੰ ਸਮਜਿਦ ਬਣਾਉਣ ਲਈ ਮੰਦਰ ਦੇ ਨਾਲ ਵਾਲੀ ਜ਼ਮੀਨ ਦੇਣ ਦੀ ਮੰਗ ਕੀਤੀ। ਪੁਜਾਰੀਆਂ ਨੇ ਉਕਤ ਲੋਕਾਂ ਨੂੰ ਮਸਜਿਦ ਬਣਾਉਣ ਲਈ ਸਿਰਫ ਜ਼ਮੀਨ ਹੀ ਨਹੀਂ ਦਿੱਤੀ, ਸਗੋਂ ਸਮਜਿਦ ਬਣਾਉਣ ਦੇ ਲਈ ਪੂਰੇ ਪਿੰਡ ਨਾਲ ਮਿਲ ਕੇ ਉਨ੍ਹਾ ਨੂੰ ਸਹਿਯੋਗ ਵੀ ਦਿੱਤਾ। ਕਾਫੀ ਸਮੇਂ ਤੋਂ ਬਣ ਰਹੀ ਮੁਸਲਿਮ ਭਾਈਚਾਰੇ ਦੀ ਮਸਜਿਦ ਅੱਜ ਬਣ ਕੇ ਤਿਆਰ ਹੋ ਚੁੱਕੀ ਹੈ, ਜਿਥੇ ਵੱਡੀ ਗਿਣਤੀ ’ਚ ਲੋਕ ਨਮਾਜ਼ ਅਦਾ ਕਰਨ ਆ ਰਹੇ ਹਨ। ਦੱਸ ਦੇਈਏ ਕਿ ਇਸ ਪੂਰੇ ਪਿੰਡ ਦਾ ਸ਼ਮਸ਼ਾਨਘਾਟ ਵੀ ਸਿਰਫ ਅਤੇ ਸਿਰਫ ਇਕੋ ਹੀ ਹੈ। 

rajwinder kaur

This news is Content Editor rajwinder kaur