ਪਰਾਲੀ ਦੇ ਹੱਲ ਲਈ ਰਾਹ ਦਸੇਰਾ ਬਣਿਆ ਬਰਨਾਲਾ ਦਾ ਇਹ ਜੋੜਾ, ਸਬਜ਼ੀਆਂ ਦੀ ਖੇਤੀ ’ਚ ਇੰਝ ਕਰ ਰਹੇ ਵਰਤੋਂ

11/25/2022 3:11:28 PM

ਬਰਨਾਲਾ : ਪੰਜਾਬ 'ਚ ਪਰਾਲੀ ਸਾੜਣ ਨੂੰ ਲੈ ਕੇ ਸਰਕਾਰ ਕਿਸਾਨਾਂ ਪ੍ਰਤੀ ਸਖ਼ਤ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਪਰਾਲੀ ਨੂੰ ਅੱਗ ਲਗਾਉਣ ਦੀ ਅਪੀਲ ਕਰ ਰਹੀ ਹੈ। ਅਜਿਹੇ 'ਚ ਕਈ ਕਿਸਾਨ ਪਰਾਲੀ ਨੂੰ ਨਾ ਸਾੜ ਕੇ ਉਸ ਦੀ ਵਰਤੋਂ ਕਰਕੇ ਖੇਤੀ ਕਰ ਰਹੇ ਹਨ। ਅਜਿਹਾ ਹੀ ਇਕ ਜੋੜਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜੋ ਕੀ ਪਰਾਲੀ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਖੇਤੀ ਕਰਦਾ ਹੈ। ਜਾਣਕਾਰੀ ਮੁਤਾਬਕ ਬਰਨਾਲਾ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਗਰੇਵਾਲ ਪੀ. ਐੱਸ. ਪੀ. ਸੀ. ਐੱਲ ਤੋਂ ਕਾਰਜਕਾਰੀ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਹਨ। ਉਹ ਬਿਨਾਂ ਰਸਾਇਣ ਦੀ ਵਰਤੋਂ ਕੀਤੇ ਆਪਣੇ 6 ਏਕੜ ਖੇਤ 'ਚ ਵੱਖ-ਵੱਖ ਸਬਜ਼ੀਆਂ ਉਗਾਉਣ ਲਈ ਝੋਨੇ ਦੀ ਪਰਾਲੀ ਦੀ ਵਰਤੋਂ ਕਰਦੇ ਹਨ। ਉਹ ਪਿਛਲੇ 4 ਸਾਲ ਤੋਂ ਆਪਣੇ ਵਰਕਰਾਂ ਦੀ ਮਦਦ ਨਾਲ ਸਬਜ਼ੀਆਂ ਉਗਾਉਣ ਲਈ ਮਲਚਿੰਗ ਤਕਨੀਕ ਦੀ ਵਰਤੋਂ ਕਰ ਰਹੇ ਹਨ।

ਇਹ ਵੀ ਪੜ੍ਹੋ- ਮੋਹਾਲੀ ਨਰਸ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ : ਦੋਸ਼ੀ ਮੁਅੱਤਲ ASI ਰਸ਼ਪ੍ਰੀਤ ਸਿੰਘ ਗ੍ਰਿਫ਼ਤਾਰ

ਇਸ ਸਬੰਧੀ ਗੱਲ ਕਰਦਿਆਂ ਗੁਰਮੀਤ ਕੌਰ ਨੇ ਕਿਹਾ ਕਿ ਜਦੋਂ ਅਸੀਂ ਇੱਥੇ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਤਾਂ ਅਸੀਂ ਅਜਿਹੇ ਤਰੀਕਿਆਂ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਜੋ ਵਾਤਾਵਰਣ ਦੇ ਅਨੁਕੂਲ ਹੋਣ। ਉਨ੍ਹਾਂ ਦੱਸਿਆ ਕਿ ਨੇੜਲੇ ਖੇਤਾਂ ਤੋਂ ਝੋਨੇ ਦੀ ਪਰਾਲੀ ਲਿਆ ਕੇ ਖੇਤ 'ਚ ਖਿਲਾਰ ਦਿੰਦੇ ਹਨ ਅਤੇ ਉਸ ਨਾਲ ਮਿੱਟੀ ਦੀ ਉਪਰਲੀ ਪਰਤ ਨੂੰ ਢੱਕ ਦਿੰਦੇ ਹਨ। ਇਸ ਦੌਰਾਨ ਉਹ ਖੇਤ ਨੂੰ ਤਕਰੀਬਨ ਤਿੰਨ ਇੰਚ ਤੱਕ ਝੋਨੇ ਦੀ ਪਰਾਲੀ ਨਾਲ ਢੱਕ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਸਬਜ਼ੀਆਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਮਿੱਟੀ ਇਸਦੀ ਹੁੰਮਸ ਦੀ ਮਾਤਰਾ ਦੇ ਵਾਧੇ ਨਾਲ ਹੋਰ ਉਪਜਾਓ ਬਣ ਜਾਂਦੀ ਹੈ। 

ਇਹ ਵੀ ਪੜ੍ਹੋ- ਵਿਆਹ ਦੇ 10 ਮਹੀਨਿਆਂ ਬਾਅਦ ਹੀ ਟੁੱਟੇ ਸੁਫ਼ਨੇ, ਫੌਜੀ ਪਤੀ ਤੋਂ ਦੁਖੀ ਹੋ ਗਰਭਵਤੀ ਪਤਨੀ ਨੇ ਕੀਤੀ ਖ਼ੁਦਕੁਸ਼ੀ

ਪਲਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਕਣਕ ਅਤੇ ਸਬਜ਼ੀਆਂ ਉਗਾਉਣ ਲਈ ਕਿਸੇ ਖਾਦ ਜਾਂ ਹੋਰ ਕਿਸੇ ਰਸਾਇਣ ਦੀ ਵਰਤੋਂ ਨਹੀਂ ਕਰਦੇ। ਉਹ ਆਪਣੇ ਖੇਤਾਂ 'ਚ ਲਸਣ, ਰਾਗੀ, ਮੂੰਗੀ, ਆਲੂ ਅਤੋ ਹੋਰ ਵੀ ਕਈ ਫਸਲਾਂ ਦੀ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਰਾਲੀ ਨੂੰ ਸਾੜਣ ਦੀ ਬਜਾਏ ਉਸ ਦੀ ਵਰਤੋਂ ਉਤਪਾਦਕਤਾ ਵਧਾਉਣ ਅਤੇ ਰਸਾਇਣਾਂ ਤੋਂ ਬਿਨਾਂ ਫਸਲਾਂ ਉਗਾਉਣ 'ਚ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਖੇਤਾਂ ਵਿੱਚ ਪੈਦਾ ਹੋਈ ਖੇਤੀ ਰਹਿੰਦ-ਖੂੰਹਦ ਨੂੰ ਵੀ ਰੋਟਾਵੇਟਰ ਦੀ ਵਰਤੋਂ ਕਰਕੇ ਖੇਤਾਂ 'ਚ ਵਾਪਸ ਵਾਹ ਦਿੰਦੇ ਹਾਂ। ਅਜਿਹੇ ਨਾਲ ਮਿੱਟੀ ਹੋਰ ਵੀ ਉਪਜਾਉ ਹੋ ਜਾਂਦੀ ਹੈ। ਇਸ ਦੇ ਲਈ ਬਰਨਾਲਾ ਦੇ ਏ. ਡੀ. ਸੀ. ਲਵਜੀਤ ਕਲਸੀ ਨੇ ਖੇਤਾਂ ਦਾ ਦੌਰਾ ਕੀਤਾ ਅਤੇ ਜੋੜੇ ਨੂੰ ਹਰ ਸੰਭਵ ਮਦਦ ਕਰਨ ਦੀ ਗੱਲ ਆਖੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto