ਬਰਨਾਲਾ ਪੁਲਸ ਨੇ ਬੱਚੇ ਨੂੰ ਇਕ ਘੰਟੇ ''ਚ ਲੱਭ ਕੇ ਕੀਤਾ ਵਾਰਸਾਂ ਹਵਾਲੇ

03/28/2020 10:55:59 AM

ਬਰਨਾਲਾ (ਵਿਵੇਕ ਸਿੰਧਵਾਨੀ) : ਸੀਨੀਅਰ ਪੁਲਸ ਕਪਤਾਨ, ਬਰਨਾਲਾ ਸੰਦੀਪ ਗੋਇਲ ਦੀ ਅਗਵਾਈ 'ਚ ਪੁਲਸ ਨੇ ਬੱਚੇ ਨੂੰ ਇਕ ਘੰਟੇ 'ਚ ਲੱਭ ਕੇ ਵਾਰਸਾਂ ਹਵਾਲੇ ਕਰ ਦਿੱਤਾ । ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਹਿਰ ਬਰਨਾਲਾ 'ਚ ਜਨਤਾ ਦੀ ਸੁਰੱਖਿਆ ਲਈ ਬਲੈਰੋ ਗੱਡੀਆਂ ਪੈਟਰੋਲਿੰਗ ਕਰ ਰਹੀਆਂ ਸਨ, ਜਿਨ੍ਹਾਂ 'ਚੋਂ ਇੱਕ ਗੱਡੀ ਤੇ ਪੁਲਸ ਪਾਰਟੀ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਸੁਖਬੀਰ ਕੌਰ ਹਰਪ੍ਰੀਤ ਕੌਰ ਬੂਟਾ ਸਿੰਘ ਨੂੰ ਦੁਪਹਿਰ ਕਰੀਬ ਡੇਢ ਵਜੇ ਟੀ-ਪੁਆਇੰਟ ਬਠਿੰਡਾ 'ਤੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਸੋਨੂੰ ਸਿੰਘ ਪੁੱਤਰ ਪਾਲ ਸਿੰਘ ਵਾਸੀ ਰਾਮਗੜ੍ਹੀਆ ਰੋਡ ਬਰਨਾਲਾ ਨੇ ਆਪਣੀ ਪਤਨੀ ਅਮਨ ਕੌਰ ਸਮੇਤ ਇਤਲਾਹ ਦਿੱਤੀ ਕਿ ਉਨ੍ਹਾਂ ਦਾ ਲੜਕਾ ਅਰਮਾਨ ਗਿੱਲ (10) ਕੰਮ ਵਾਲੀ ਬਾਈ ਸੋਨੀਆ ਪਤਨੀ ਗੁਰਪ੍ਰੀਤ ਸਿੰਘ ਵਾਸੀ ਬਰਨਾਲਾ ਨਾਲ ਗਿਆ ਸੀ ਪਰ ਅਜੇ ਦੋਵੇਂ ਅਜੇ ਤੱਕ ਘਰ ਨਹੀਂ ਪੁੱਜੇ ਅਤੇ ਸੋਨੀਆ ਦਾ ਫੋਨ ਵੀ ਬੰਦ ਆ ਰਿਹਾ ਹੈ।

ਇਸ 'ਤੇ ਰਮਿੰਦਰ ਸਿੰਘ ਦਿਓਲ ਐਸ. ਪੀ. ਡੀ ਬਰਨਾਲਾ ਕੁਝ ਮਿੰਟਾਂ ਵਿੱਚ ਹੀ ਟੀ-ਪੁਆਇੰਟ ਬਠਿੰਡਾ ਬਾਈਪਾਸ 'ਤੇ ਪੁੱਜੇ ਅਤੇ ਸੋਨੀਆ ਰਾਣੀ ਦੇ ਮੋਬਾਇਲ ਦੀ ਲੋਕੇਸ਼ਨ ਹਾਸਲ ਕੀਤੀ ਗਈ, ਜੋ ਮਸਤਾਨਾ ਸਾਹਿਬ ਦੀ ਆਈ, ਜਿਸ ਤੇ ਡੀ. ਐਸ. ਪੀ. ਬਰਨਾਲਾ ਵੱਲੋਂ ਬਲੈਰੋ ਗੱਡੀ 'ਤੇ ਤਾਇਨਾਤ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਨੂੰ ਪੁਲਸ ਪਾਰਟੀ ਸਮੇਤ ਬੱਚੇ ਦੀ ਤਲਾਸ਼ ਲਈ ਮਸਤੂਆਣਾ ਸਾਹਿਬ ਭੇਜਿਆ ਗਿਆ, ਜਿੱਥੇ ਪੁਲਸ ਪਾਰਟੀ ਨੇ ਬੱਚੇ ਨੂੰ ਤਲਾਸ਼ ਕਰਕੇ ਬੱਚਾ ਅਰਮਾਨ ਗਿੱਲ ਅਤੇ ਸੋਨੀਆ ਨੂੰ ਤਕਰੀਬਨ ਇੱਕ ਘੰਟੇ ਵਿਚ ਲੱਭ ਕੇ ਵਾਰਸਾਂ ਹਵਾਲੇ ਕੀਤਾ ਗਿਆ। ਪੁੱਛ ਪੜਤਾਲ 'ਤੇ ਪਤਾ ਲੱਗਿਆ ਕਿ ਸੋਨੀਆ ਦਾ ਫ਼ੋਨ ਬੰਦ ਹੋ ਗਿਆ ਸੀ ਅਤੇ ਕਰਫਿਊ ਲੱਗਾ ਹੋਣ ਕਰਕੇ ਅੱਗੇ ਬਰਨਾਲਾ ਪਹੁੰਚਣ ਲਈ ਕੁਝ ਸਾਧਨ ਨਹੀਂ ਮਿਲਿਆ ਸੀ, ਜਿਸ ਕਾਰਨ ਲੇਟ ਹੋ ਗਈ।
 

Babita

This news is Content Editor Babita