ਡਾਕਟਰ ਦੀ ਲਾਪ੍ਰਵਾਹੀ ਨਾਲ ਔਰਤ ਦੀ ਗਈ ਇਕ ਅੱਖ ਦੀ ਰੋਸ਼ਨੀ, ਲੱਗਾ ਭਾਰੀ ਜੁਰਮਾਨਾ

08/31/2019 1:11:43 PM

ਬਰਨਾਲਾ (ਵੈਬ ਡੈਸਕ) : ਜੇਕਰ ਸ਼ੀਸ਼ੀ ’ਤੇ ਲਿਖਿਆ ਸੀ ਕਿ ਇਸ ਨੂੰ ਸਰੀਰ ਦੇ ਕਿਸੇ ਨਾਜ਼ੁਕ ਹਿੱਸੇ ਨੇੜੇ ਨਹੀਂ ਲਗਾਉਣਾ ਹੈ ਤਾਂ ਤੁਸੀਂ ਟੀਕਾ ਅੱਖ ਕੋਲ ਕਿਉਂ ਲਗਾਇਆ। ਅਦਾਲਤ ਵਿਚ ਵਕੀਲ ਨੇ ਇਹ ਸਵਾਲ ਸਿਵਲ ਹਸਪਤਾਲ ਬਰਨਾਲਾ ਦੇ ਅੱਖ-ਕੰਨ ਦੇ ਡਾ. ਗਗਨਦੀਪ ਤਥਗੁਰੂ ਨੂੰ ਕੀਤਾ। ਡਾਕਟਰ ਨੇ ਕਿਹਾ ਕਿ ਮਰੀਜ਼ ਨੂੰ ਮੈਂ ਦੱਸ ਦਿੱਤਾ ਸੀ ਕਿ ਇਸ ਦਾ ਸਾਈਡ ਇਫੈਕਟ ਹੋ ਸਕਦਾ ਹੈ। ਉਪਭੋਗਤਾ ਫੋਰਮ ਨੇ ਇਸ ਦਲੀਲ ਨੂੰ ਨਕਾਰਦੇ ਹੋਏ ਕਿਹਾ ਕਿ ਤੁਸੀਂ ਡਾਕਟਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਦਵਾਈ ਕਿਵੇਂ ਇਸਤੇਮਾਲ ਕਰਨੀ ਹੈ। ਇਸ ਤੋਂ ਬਾਅਦ ਅਦਾਲਤ ਨੇ ਡਾਕਟਰ ਨੂੰ 8 ਲੱਖ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ। ਸ਼ੁੱਕਰਵਾਰ ਨੂੰ ਜ਼ਿਲਾ ਕੋਰਟ ਵਿਚ ਉਪਭੋਗਤਾ ਫੋਰਮ ਨੇ ਇਹ ਫੈਸਲਾ ਸੁਣਾਇਆ। ਡਾਕਟਰ ਦੀ ਗਲਤੀ ਨਾਲ ਅੱਖ ਗੁਆਉਣ ਵਾਲੀ ਔਰਤ ਨੂੰ 8 ਲੱਖ ਦਾ ਹਰਜਾਨਾ ਦੇਣ ਦੇ ਨਾਲ-ਨਾਲ ਫੋਰਮ ਨੇ 25 ਹਜ਼ਾਰ ਪੀੜਤ ਨੂੰ ਵੱਖ ਤੋਂ ਅਤੇ 5 ਹਜ਼ਾਰ ਰੁਪਏ ਅਦਾਲਤ ਵਿਚ ਲੀਗਲ ਫੀਸ ਦੇ ਤੌਰ ’ਤੇ ਜਮ੍ਹਾ ਕਰਾਉਣ ਦੇ ਹੁਕਮ ਦਿੱਤੇ ਹਨ।

ਨੱਕ ਵਿਚ ਫੋੜੇ ਦੇ ਇਲਾਜ ਲਈ ਆਈ ਸੀ
ਜਾਣਕਾਰੀ ਮੁਤਾਬਕ ਵੀਰਪਾਲ ਕੌਰ ਪਤਨੀ ਜਸਪਾਲ ਸਿੰਘ ਨਿਵਾਸੀ ਬਰਨਾਲਾ ਨੇ ਉਪਭੋਗਤਾ ਫੋਰਮ ਵਿਚ ਇਕ ਸਾਲ ਪਹਿਲਾਂ ਕੇਸ ਕੀਤਾ ਸੀ। ਸ਼ਿਕਾਇਤ ਵਿਚ ਅਦਾਲਤ ਨੂੰ ਦੱਸਿਆ ਕਿ 11 ਨਵੰਬਰ 2017 ਨੂੰ ਉਹ ਆਪਣੇ ਨੱਕ ਵਿਚ ਹੋਏ ਫੋੜੇ ਦੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਚ ਦਾਖਲ ਹੋਈ ਸੀ। ਡਾ. ਗਗਨਦੀਪ ਤਥਗੁਰੂ ਇਲਾਜ ਕਰ ਰਹੇ ਸਨ। ਉਨ੍ਹਾਂ ਨੇ ਫੋੜੇ ਦੇ ਦਰਦ ਨੂੰ ਘੱਟ ਕਰਨ ਲਈ ਇਕ ਟੀਕਾ ਲਗਾਉਣ ਦੀ ਗੱਲ ਕਹੀ। ਉਨ੍ਹਾਂ ਨੇ ਡਾਕਟਰ ਦੀ ਗੱਲ ਮੰਨ ਕੇ ਉਹ ਟੀਕਾ ਲਗਵਾ ਲਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਹੋਸ਼ ਆਇਆ ਤਾਂ ਉਸ ਨੂੰ ਸੱਜੀ ਅੱਖ ਤੋਂ ਕੁੱਝ ਦਿਖਾਈ ਨਹੀਂ ਦਿੱਤਾ ਅਤੇ ਦੂਜੀ ਅੱਖ ’ਚੋਂ ਬਹੁਤ ਘੱਟ ਦਿਖਾਈ ਦੇ ਰਿਹਾ ਸੀ। ਡਾਕਟਰ ਨੇ ਇੰਨਾ ਹੀ ਕਿਹਾ ਕਿ ਸਾਈਡ ਇਫੈਕਟ ਹੋ ਗਿਆ ਹੈ। ਕਈ ਮਹੀਨੇ ਚੱਕਰ ਲਗਾਉਣ ਤੋਂ ਬਾਅਦ ਕੇਸ ਕੀਤਾ ਸੀ।

ਸ਼ੀਸ਼ੀ ’ਤੇ ਲਿਖੀ ਹੋਈ ਸੀ ਚਿਤਾਵਨੀ
ਡਾਕਟਰ ਵੱਲੋਂ ਜੋ ਟੀਕਾ ਮਹਿਲਾ ਦੇ ਨੱਕ ਵਿਚ ਲਗਾਇਆ ਗਿਆ ਸੀ ਉਸ ’ਤੇ ਸਾਫ ਤੌਰ ’ਤੇ ਚਿਤਾਵਨੀ ਲਿਖੀ ਹੋਈ ਸੀ ਕਿ ਸਰੀਰ ਦੇ ਕਿਸੇ ਵੀ ਨਾਜ਼ੁਕ ਹਿੱਸੇ ਵਿਚ ਇਸ ਦਾ ਇਸਤੇਮਾਲ ਨਾ ਕਰੋ ਪਰ ਇਸ ਗੱਲ ਦਾ ਡਾਕਟਰ ਨੇ ਖਿਆਲ ਨਹੀਂ ਰੱਖਿਆ, ਜਿਸ ਨਾਲ ਔਰਤ ਦੀ ਇਕ ਅੱਖ ਦੀ ਰੋਸ਼ਨੀ ਚਲੀ ਗਈ। ਅਦਾਲਤ ਵਿਚ ਬਚਾਅ ਪੱਖ ਨੇ ਇਸ ਗੱਲ ਨੂੰ ਮੰਨਿਆ ਕਿ ਸ਼ੀਸ਼ੀ ’ਤੇ ਲਿਖਿਆ ਸੀ ਪਰ ਉਨ੍ਹਾਂ ਨੇ ਮਰੀਜ਼ ਨੂੰ ਦੱਸ ਦਿੱਤਾ ਸੀ ਕਿ ਇਹ ਖਤਰਨਾਕ ਹੈ ਪਰ ਇਸ ਦਲੀਲ ਨੂੰ ਅਦਾਲਤ ਨੇ ਰੱਦ ਕਰ ਦਿੱਤਾ, ਜਿਸ ਦੇ ਚਲਦੇ ਅਦਾਲਤ ਨੇ ਫੈਸਲਾ ਔਰਤ ਦੇ ਹੱਕ ਵਿਚ ਸੁਣਾਇਆ। 8 ਲੱਖ ਰੁਪਏ ਦਾ ਜ਼ੁਰਮਾਨਾ ਡਾਕਟਰ ਨੂੰ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਡਾਕਟਰ ਦਾ ਕਿਸੇ ਕੰਪਨੀ ਤੋਂ ਇੰਸ਼ੋਰੈਂਸ ਕਰਵਾਇਆ ਹੋਇਆ ਹੈ, ਜਿਸ ਦੇ ਚਲਦੇ 8 ਲੱਖ ਦੀ ਅਦਾਇਗੀ ਉਸ ਕੰਪਨੀ ਵੱਲੋਂ ਕੀਤੀ ਜਾਏਗੀ।

ਅਦਾਲਤ ਨੇ ਦਿੱਤਾ ਇਨਸਾਫ ਪਰ ਪੂਰੀ ਜ਼ਿੰਦਗੀ ਬਣ ਗਈ ਨਰਕ : ਪੀੜਤ ਔਰਤ
ਪੀੜਤ ਮਹਿਲਾ ਵੀਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ਨਾਲ ਖੁਸ਼ੀ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਿਆ ਪਰ ਉਨ੍ਹਾਂ ਦੀ ਉਮਰ ਸਿਰਫ 29 ਸਾਲ ਹੈ। ਉਸ ਦੀ ਪੂਰੀ ਜ਼ਿੰਦਗੀ ਅਜੇ ਬਾਕੀ ਹੈ, ਜੋ ਕਿ ਇਕ ਅੱਖ ਦੀ ਰੋਸ਼ਨੀ ਨਾਲ ਗੁਜ਼ਾਰਨੀ ਬਹੁਤ ਮੁਸ਼ਕਲ ਲੱਗ ਰਹੀ ਹੈ। ਇਸ ਤਰ੍ਹਾਂ ਦੀ ਲਾਪਰਵਾਹੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਮਿਲੀ ਚਾਹੀਦੀ ਹੈ।
 

cherry

This news is Content Editor cherry