ਬਰਨਾਲਾ: ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਇਆ ਅਗਨੀ ਭੇਟ, ਸੰਗਤ ''ਚ ਰੋਸ

02/24/2021 6:06:43 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਸ਼ਹਿਰ ਦੇ ਬਾਜਵਾ ਪੱਤੀ ਮੁਹੱਲੇ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਗੁਰੂ ਘਰ ਵਿਚ ਅੱਗ ਲੱਗ ਗਈ । ਇਸ ਅੱਗ ਦੀ ਲਪੇਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲਪੇਟ ਵਿਚ ਆ ਗਿਆ । ਜਿਸ ਕਾਰਨ ਸੰਗਤ ਵਿੱਚ ਭਾਰੀ ਸ਼ੋਕ ਦੀ ਲਹਿਰ ਪੈਦਾ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀ ਮਨਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਚਾਨਕ ਹੀ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਗੁਰਦੁਆਰਾ ਸਾਹਿਬ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਸੂਚਨਾ ਮਿਲਦਿਆਂ ਹੀ ਮੁਹੱਲੇ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਤੌਰ ਤੇ ਹੀ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੀ ਸੂਚਨਾ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ।

ਇਹ ਵੀ ਪੜ੍ਹੋ:  ਫ਼ਿਰ ਤੋਂ ਵਧਣ ਲੱਗਾ ਕੋਰੋਨਾ, ਲੋਕ ਬੇਪ੍ਰਵਾਹ, ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ

ਮੌਕੇ ਤੇ ਡੀ.ਐੱਸ.ਪੀ. ਲਖਵੀਰ ਸਿੰਘ ਟਿਵਾਣਾ ਥਾਣਾ ਸਿਟੀ ਦੇ ਇੰਚਾਰਜ ਲਖਵਿੰਦਰ ਸਿੰਘ ਵੀ ਭਾਰੀ ਪੁਲਸ ਫੋਰਸ ਲੈ ਕੇ ਪੁੱਜ ਗਏ। ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਪਾਲਕੀ ਸਾਹਿਬ ਨੂੰ ਬੁਰੀ ਤਰ੍ਹਾਂ ਨਾਲ ਸਾੜ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਵੀ ਅਗਨੀ ਦੀ ਭੇਟ ਚੜ੍ਹ ਗਿਆ। ਇਹ ਸ਼ਾਰਟ ਸਰਕਟ ਇਸ ਕਾਰਨ ਹੋਇਆ ਕਿ ਮੁਹੱਲੇ ਵਿਚ ਬਿਜਲੀ ਕਰਮਚਾਰੀ ਬਿਜਲੀ ਨੂੰ ਠੀਕ ਕਰ ਰਹੇ ਸੀ। ਜਦੋਂ ਉਨ੍ਹਾਂ ਨੇ ਬਿਜਲੀ ਠੀਕ ਕਰਕੇ ਸਵਿੱਚ ਛੱਡਿਆ ਤਾਂ ਸਵਿੱਚ ਛੱਡਦੇ ਹੀ ਇਕੋ ਦਮ ਟ੍ਰਾਂਸਫਾਰਮਰ ਵਿੱਚ ਧਮਾਕਾ ਹੋ ਗਿਆ ਅਤੇ ਗੁਰਦੁਆਰੇ ਵਿੱਚ ਬਿਜਲੀ ਦੀਆਂ ਤਾਰਾਂ  ਸ਼ਾਰਟ ਸਰਕਟ ਦੀ ਲਪੇਟ ਵਿਚ ਆ ਗਈਆਂ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ 3 ਏਕੜ ਖੜ੍ਹੀ ਕਣਕ ’ਤੇ ਚਲਾਇਆ ਟਰੈਕਟਰ

ਪੁਲਸ ਨੇ ਗੁਰਦੁਆਰਾ ਸਾਹਿਬ ਵਿੱਚ ਲੱਗੀ ਡੀ.ਵੀ.ਡੀ. ਆਪਣੇ ਕਬਜ਼ੇ ਵਿਚ ਲੈ ਕੇ ਗਹਿਰਾਈ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਦੁਆਰਾ ਸਾਹਿਬ ਵਿਚ ਹੋਈ ਘਟਨਾ ਤੇ ਪੰਜਾਬ ਕਾਂਗਰਸ ਦੇ ਆਗੂ ਕੇਵਲ ਸਿੰਘ ਢਿੱਲੋਂ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਸੰਬੰਧ ਵਿਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘਟਨਾ ਪ੍ਰਤੀ ਜਾਣੂੰ ਕਰਵਾਇਆ ਅਤੇ ਮਾਮਲੇ ਸੰਬੰਧੀ ਡੀ.ਸੀ. ਬਰਨਾਲਾ ਅਤੇ ਐੱਸ.ਐੱਸ.ਪੀ. ਬਰਨਾਲਾ ਨਾਲ ਗੱਲਬਾਤ ਕੀਤੀ ।

Shyna

This news is Content Editor Shyna