ਭਾਕਿਯੂ ਏਕਤਾ ਡਕੌਂਦਾ ਨੇ ਦਿੱਤਾ ਬੈਂਕ ਅੱਗੇ ਵਿਸ਼ਾਲ ਧਰਨਾ

07/25/2019 4:30:09 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ,ਪੁਨੀਤ ਮਾਨ) : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਦਰਸ਼ਨ ਸਿੰਘ ਉੱਗੋਕੇ ਅਤੇ ਜ਼ਿਲਾ ਪ੍ਰਦਾਨ ਦੀ ਅਵਵਾਈ ਹੇਠ ਅੱਜ ਲੈਂਡ ਮਾਰਗੇਜ ਬੈਂਕ ਬਰਨਾਲਾ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਖਰਾਬ ਮੌਸਮ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ।

ਇਸ ਰੋਹ ਭਰਪੂਰ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਫਰਵਰੀ ਵਿਚ ਲੁਧਿਆਣਾ ਵਿਚ ਲਾਏ 5 ਰੋਜ਼ਾ ਮੋਰਚੇ ਦੇ ਦਬਾਅ ਹੇਠ ਬੈਂਕਾਂ ਨੇ ਕਿਸਾਨਾਂ ਤੋਂ ਦੂਹਰੀ ਗਰੰਟੀ ਵਜੋਂ ਲਏ ਹੋਏ ਚੈੱਕ ਮੋੜਨੇ ਸ਼ੁਰੂ ਕਰ ਦਿੱਤੇ ਸਨ ਤੇ ਕਾਫ਼ੀ ਕਿਸਾਨਾਂ ਦੇ ਚੈੱਕ ਵਾਪਸ ਵੀ ਕਰ ਦਿੱਤੇ ਸਨ ਪਰ ਹੁਣ ਬੈਂਕ ਚੈੱਕ ਵਾਪਸ ਕਰਨ ਤੋਂ ਆਨਾਕਾਨੀ ਕਰ ਰਹੇ ਹਨ ਤੇ ਕਈ ਬੈਂਕਾਂ ਖਾਸ ਕਰਕੇ ਲੈਂਡ ਮਾਰਗੇਜ ਬੈਂਕ ਨੇ ਚੈੱਕ ਬਾਉਂਸ ਕਰਕੇ ਕਿਸਾਨਾਂ ਨੂੰ ਜੇਲਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਬੈਂਕਾਂ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਸੂਬਾ ਕਮੇਟੀ ਦੇ ਸੱਦੇ 'ਤੇ ਬੀਕੇਯੂ (ਡਕੌਂਦਾ) ਵੱਲੋਂ ਇਹ ਘਿਰਾਉ ਕੀਤਾ ਗਿਆ ਹੈ।  ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਿੱਤੇ ਨੂੰ ਘਾਟੇਵੰਦਾ ਬਣਾਉਣ ਲਈ ਸਮੇਂ- ਸਮੇਂ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਜਿੰਮੇਵਾਰ ਹਨ। ਇਸ ਕਰਕੇ ਕਿਸਾਨਾਂ ਸਿਰ ਕਰਜ਼ਾ ਚੜ੍ਹਨ ਲਈ ਕਿਸਾਨ ਨਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਜਿੰਮੇਵਾਰ ਹਨ। ਚੋਣਾਂ ਸਮੇਂ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕੈਪਟਨ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਲਗਭਗ ਅੱਧਾ ਸਮਾਂ ਪੂਰਾ ਹੋਣ ਵਾਲਾ ਹੈ ਪਰ ਪੰਜਾਬ ਸਰਕਾਰ ਨੇ, ਪੰਜਾਬ ਦੇ ਕਿਸਾਨਾਂ ਸਿਰ 31 ਮਾਰਚ 2017 ਤੱਕ ਚੜ੍ਹੇ ਹੋਏ ਲਗਭਗ 90 ਹਜ਼ਾਰ ਕਰੋੜ ਦੇ ਕਰਜ਼ੇ ਵਿਚੋਂ ਸਿਰਫ਼ 4500 ਕਰੋੜ ਰੁਪਏ ਦਾ ਕਰਜ਼ਾ ਹੀ ਮੁਆਫ਼ ਕੀਤਾ ਹੈ ਜਦ ਕਿ ਇਨ੍ਹਾਂ ਸਵਾ ਦੋ ਸਾਲਾਂ ਵਿਚ ਕਰਜ਼ੇ 'ਤੇ ਵਿਆਜ਼ ਲੱਗ ਲੱਗ ਕੇ ਕਰਜ਼ਾ 1 ਲੱਖ ਕਰੋੜ ਤੋਂ ਵੀ ਵਧ ਗਿਆ ਹੈ। ਹੁਣ ਆਨੀਂ ਬਹਾਨੀਂ ਪੰਜਾਬ ਦੀ ਸਰਕਾਰ ਕਰਜਾ ਮੁਆਫੀ ਦੇ ਕੀਤੇ ਐਲਾਨ ਤੋਂ ਭੱਜਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜਦੋਂ ਤੱਕ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਨਹੀਂ ਕਰ ਦਿੰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

cherry

This news is Content Editor cherry