ਕੁੱਟ ਖਾਣੀ ਹੈ ਤਾਂ ਚੱਲੋ ਕੈਪਟਨ ਦੇ ਸ਼ਹਿਰ! (ਵੀਡੀਓ)

02/12/2019 11:07:49 AM

ਬਰਨਾਲਾ (ਪੁਨੀਤ)— ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬਰਨਾਲਾ ਜ਼ਿਲੇ ਦੇ ਹਲਕਾ ਭਦੌੜ ਦੇ ਚਾਰ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਦੌੜ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਲਗਾਏ ਗਏ ਰੋਸ ਧਰਨੇ ਵਿਚ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਕੋਸਿਆ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਗਈ ਹੈ ਅਤੇ ਆਪਣੀਆਂ ਤਨਖਾਹਾਂ ਨੂੰ ਵਧਾ ਰਹੀ ਹੈ ਅਤੇ ਲੋਕਾਂ ਲਈ ਖਜ਼ਾਨਾ ਖਾਲੀ ਕਹਿ ਕੇ ਪੱਲਾ ਛਾੜ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੌਰਾਨ ਹਰ ਵਰਗ ਧਰਨੇ ਦੇਣ ਲਈ ਮਜ਼ਬੂਰ ਹੈ ਅਤੇ ਲੋਕ ਸੜਕਾਂ 'ਤੇ ਬੈਠੇ ਹਨ। ਅਧਿਆਪਕਾਂ 'ਤੇ ਪਟਿਆਲਾ 'ਚ ਵਿਚ ਕੀਤੇ ਗਏ ਲਾਠੀਚਾਰਜ 'ਤੇ ਮਾਨ ਨੇ ਕਿਹਾ ਕਿ 2 ਸਾਲਾਂ ਵਿਚ ਸਿਰਫ ਪੱਗਾਂ ਦੇ ਰੰਗ ਬਦਲੇ ਹਨ ਅਤੇ ਕੁੱਟ ਖਾਣ ਵਾਲਾ ਸ਼ਹਿਰ ਬਦਲਿਆ ਹੈ। ਕਿਉਂਕਿ ਪਹਿਲਾਂ ਲੋਕ ਬਠਿੰਡਾ ਵਿਚ ਕੁੱਟ ਖਾਂਦੇ ਸੀ ਅਤੇ ਹੁਣ ਪਟਿਆਲਾ ਜਾਣ ਲੱਗੇ ਗਏ। ਸਰਕਾਰ ਨੂੰ ਬਾਹਰ ਨਿਕਲ ਕੇ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਮਾਨ ਨੇ ਕਿਹਾ ਕਿ ਬਜਟ ਸੈਸ਼ਨ ਵਿਚ ਉਹ ਵਿੱਤ ਮੰਤਰੀ ਨੂੰ ਕਹਿਣਗੇ ਕਿ ਉਹ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਦੇ ਤੌਰ 'ਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਵਿਚ ਨਾ ਜਾਣ ਅਤੇ ਲੋਕ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਦੇਣੇ ਬੰਦ ਕਰ ਦੇਣ। ਇਸ ਮੌਕੇ ਭਦੌੜ ਹਲਕਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਪੀਰਮਲ ਸਿੰਘ ਖਾਲਸਾ ਵੱਲੋਂ ਉਨ੍ਹਾਂ ਤੋਂ ਬਣਾਈ ਗਈ ਦੂਰੀ 'ਤੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਪੀਰਮਲ ਸਿੰਘ ਖਾਲਸਾ ਉਨ੍ਹਾਂ ਦੇ ਵਿਧਾਇਕ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਸ਼ਾਇਦ ਸਵੇਰੇ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਯੂਨੀਵਰਸਿਟੀ ਬਣਾਉਣ ਲਈ ਕੀਤੇ ਐਲਾਨ ਦਾ ਭਗਵੰਤ ਮਾਨ ਨੇ ਸਵਾਗਤ ਕੀਤਾ ਹੈ। ਇਸ 'ਤੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਉਹ ਇਸ ਕਦਮ ਦਾ ਸਵਾਗਤ ਕਰਦੇ ਹਨ ਅਤੇ ਕਰਤਾਰਪੁਰ ਰਸਤੇ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

cherry

This news is Content Editor cherry