ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੜ ਪੰਜਾਬ ਦੇ ਲੋਕਾਂ ਦੀ ਯਾਦ ਆਈ : ਖਹਿਰਾ

01/21/2019 9:23:22 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਿਰਫ ਵੋਟਾਂ ਵੇਲੇ ਹੀ ਚੇਤੇ ਆਉਂਦਾ ਹੈ ਤੇ ਹੁਣ ਵੋਟਾਂ ਨੇੜੇ ਆਉਣ ਕਾਰਨ ਕੇਜਰੀਵਾਲ ਨੂੰ 2017 ਤੋਂ ਬਾਅਦ 2 ਸਾਲ ਬਾਅਦ ਅੱਜ ਮੁੜ ਪੰਜਾਬ ਦੀ ਯਾਦ ਆ ਗਈ ਹੈ ਤੇ ਉਹ ਪੰਜਾਬ ਆ ਗਏ ਹਨ। ਇਹ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੇ ਹੀ ਬਣਾਏ ਹੋਏ ਸੰਵਿਧਾਨ ਨੂੰ ਛਿੱਕੇ 'ਤੇ ਟੰਗਿਆ ਹੈ। ਐਤਵਾਰ ਨੂੰ ਅਰਵਿੰਦ ਕੇਜਰੀਵਾਲ ਸੰਵਿਧਾਨ ਵਿਚ ਤਬਦੀਲੀ ਕਰ ਕੇ ਖੁਦ ਤੀਜੀ ਵਾਰ 'ਆਪ' ਦੇ ਕੌਮੀ ਕਨਵੀਨਰ ਬਣ ਗਏ ਹਨ ਤੇ ਤਿੰਨ ਟਾਪ ਦੀਆਂ ਪੁਜ਼ੀਸ਼ਨਾਂ ਕੇਜਰੀਵਾਲ ਕੋਲ ਹਨ। ਉਹ ਦਿੱਲੀ ਦਾ ਮੁੱਖ ਮੰਤਰੀ, 'ਆਪ' ਦਾ ਕੌਮੀ ਕਨਵੀਨਰ ਤੇ ਪੋਲੀਟੀਕਲ ਅਫੇਅਰ ਕਮੇਟੀ ਦਾ ਚੇਅਰਮੈਨ ਵੀ ਹੈ ਤੇ ਦੂਜਿਆਂ ਨੂੰ ਨਸੀਹਤ ਦਿੰਦੇ ਹਨ ਕਿ ਜੋ ਲੋਕ ਅਹੁਦਿਆਂ ਦੇ ਭੁੱਖੇ ਹਨ, ਉਹ ਪਾਰਟੀ ਛੱਡ ਕੇ ਜਾ ਸਕਦੇ ਹਨ ਜਦਕਿ ਸਭ ਤੋਂ ਵੱਧ ਅਹੁਦਿਆਂ ਦੀ ਭੁੱਖ ਇਨ੍ਹਾਂ ਖੁਦ ਵਿਖਾਈ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣਾ ਵੱਕਾਰ ਗੁਆ ਚੁੱਕੀ ਹੈ ਕਿਉਂਕਿ ਇਨ੍ਹਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਜਿਹੜੇ ਨਸ਼ੇ ਦੇ ਮੁੱਦੇ 'ਤੇ ਚੋਣਾਂ ਲੜੀਆਂ ਗਈਆਂ, ਚੋਣਾਂ ਤੋਂ ਬਾਅਦ ਇਨ੍ਹਾਂ ਨੇ ਬਿਕਰਮ ਮਜੀਠੀਆ ਤੋਂ ਕਾਇਰਤਾ ਭਰਪੂਰ ਮੁਆਫੀ ਮੰਗੀ ਹੈ ਤੇ ਮੁਆਫੀ ਮੰਗਣ ਵੇਲੇ ਪੰਜਾਬ ਦੇ ਕਿਸੇ ਆਗੂ ਤੇ ਨਾ ਹੀ ਕਿਸੇ ਵਾਲੰਟੀਅਰ ਤੋਂ ਪੁੱਛਿਆ। ਉਨ੍ਹਾਂ ਕਿਹਾ ਕਿ ਮੁਆਫੀ ਮੰਗ ਕੇ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਮੁੱਦੇ ਨੂੰ ਸਰੰਡਰ ਕਰ ਦਿੱਤਾ ਫਿਰ ਅੱਜ ਇਹ ਦੁਬਾਰਾ ਪੰਜਾਬ ਦੇ ਲੋਕਾਂ ਨੂੰ ਕਿਹੜੇ ਮੂੰਹ ਨਾਲ ਆਖ ਰਹੇ ਹਨ ਕਿ ਅਸੀਂ ਨਸ਼ਿਆਂ ਵਿਰੁੱਧ ਜੰਗ ਲੜਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ 'ਤੇ ਕੇਜਰੀਵਾਲ ਆਪਣਾ ਸਟੈਂਡ ਸਪੱਸ਼ਟ ਕਰਨ।

ਉਨ੍ਹਾਂ ਕਿਹਾ ਕਿ 'ਆਪ' ਅੱਜ ਪੰਜਾਬ 'ਚ ਆਪਣੀ ਬਚੀ ਹੋਈ ਸਾਖ਼ ਨੂੰ ਬਚਾਉਣ ਦੀ ਖਾਤਰ ਮੁੜ ਹੱਥ-ਪੈਰ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਟੱਕਰ ਦੇਣ ਲਈ ਹਮਖ਼ਿਆਲੀ ਪਾਰਟੀਆਂ ਨਾਲ ਮਿਲ ਕੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਚੋਣ ਲੜੀ ਜਾਵੇਗੀ।

cherry

This news is Content Editor cherry