8 ਨੂੰ ਰਣਸੀਂਹ ਕਲਾਂ ਵਿਖੇ ਹੋਵੇਗੀ ਸਿੱਖ ਕੌਮ ਦੀ ਕਨਵੈਨਸ਼ਨ : ਦਾਦੂਵਾਲ

12/18/2018 4:32:09 PM

ਜੈਤੋ (ਜਗਤਾਰ, ਸਤਵਿੰਦਰ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ, ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਲੱਗਾ 'ਇਨਸਾਫ਼ ਮੋਰਚਾ ਬਰਗਾੜੀ' ਸਮਾਪਤੀ ਦੇ ਮੁੱਦੇ 'ਤੇ ਦੋਫਾੜ ਹੋ ਚੁੱਕਾ ਹੈ। ਜਥੇ. ਭਾਈ ਬੂਟਾ ਸਿੰਘ ਸਕੱਤਰ ਅਕਾਲੀ ਦਲ 1920 ਦੇ ਸੱਦੇ 'ਤੇ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਬਰਗਾੜੀ ਵਿਖੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਨਸਾਫ਼ ਮੋਰਚੇ ਦੇ ਜਾਰੀ ਰਹਿਣ ਸਬੰਧੀ ਮਿਤੀ 8 ਜਨਵਰੀ, 2019 ਨੂੰ ਸਿੱਖ ਕੌਮ ਦੀ ਕਨਵੈਨਸ਼ਨ ਪਿੰਡ ਰਣਸ਼ੀਹ ਕਲਾਂ ਵਿਖੇ ਹੋਵੇਗੀ, ਜਿੱਥੇ ਸਾਰੀਆਂ ਸਿੱਖ ਜਥੇਬੰਦੀਆਂ ਪਹੁੰਚ ਕੇ ਆਪਣੇ ਵਿਚਾਰ ਦੇਣਗੀਆਂ ਅਤੇ ਮੋਰਚੇ ਦੀ ਅਗਲੀ ਰੂਪ-ਰੇਖਾ ਤੈਅ ਕਰਨਗੀਆਂ।

ਉਨ੍ਹਾਂ ਕਿਹਾ ਕਿ ਬਰਗਾੜੀ ਇਨਸਾਫ਼ ਮੋਰਚਾ ਸ਼ੁਰੂ ਕਰਨ ਵੇਲੇ ਤਾਂ ਜਥੇਦਾਰ ਧਿਆਨ ਸਿੰਘ ਮੰਡ ਨੇ ਮੇਰੀ ਸਹਿਮਤੀ ਲਈ ਸੀ ਪਰ ਮੋਰਚਾ ਸਮਾਪਤ ਕਰਨ ਵੇਲੇ ਸਹਿਮਤੀ ਨਹੀਂ ਲਈ। ਬੀਤੀ 9 ਦਸੰਬਰ ਨੂੰ ਆਪਣੀ ਨਾਰਾਜ਼ਗੀ ਭਾਈ ਮੰਡ ਨੂੰ ਦੱਸੀ ਸੀ ਪਰ ਉਨ੍ਹਾਂ ਨੇ ਇਕ ਨਹੀਂ ਮੰਨੀ। ਬਸ ਮੋਰਚਾ ਚੁੱਕਣ 'ਤੇ ਅੜੇ ਰਹੇ।ਇਕ ਸਵਾਲ ਦੇ ਜਵਾਬ 'ਚ ਭਾਈ ਦਾਦੂਵਾਲ ਨੇ ਕਿਹਾ ਕਿ ਮੋਰਚੇ ਦੀ ਸਮਾਪਤੀ ਵਾਲੇ ਦਿਨ ਜੇਕਰ ਸਟੇਜ ਤੋਂ ਮੈਂ ਆਪਣੀ ਅਸਹਿਮਤੀ ਪ੍ਰਗਟ ਕਰ ਦਿੰਦਾ ਤਾਂ ਦਾਣਾ ਮੰਡੀ 'ਚ ਪੱਗਾਂ ਲਹਿ ਜਾਣੀਆਂ ਸਨ ਅਤੇ ਲੋਕਾਂ ਨੇ ਕਹਿਣਾ ਸੀ ਕਿ ਭਾਈ ਮੰਡ ਨੇ ਤਾਂ ਮੋਰਚਾ ਸ਼ਾਂਤਮਈ ਲਾਇਆ ਸੀ ਪਰ ਦਾਦੂਵਾਲ ਨੇ ਅਖੀਰ 'ਚ ਰੌਲਾ ਪਵਾ ਦਿੱਤਾ।

ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਜਥੇਦਾਰ ਧਿਆਨ ਸਿੰਘ ਮੰਡ ਦੀ ਅਜਿਹੀ ਕੀ ਮਜਬੂਰੀ ਸੀ ਕਿ ਮੋਰਚਾ ਸਿੱਖ ਕੌਮ ਨੂੰ ਭਰੋਸੇ 'ਚ ਲਏ ਬਗੈਰ ਸਮਾਪਤ ਕਰ ਦਿੱਤਾ। ਮੋਰਚਾ ਕਾਂਗਰਸ ਨੇ ਨਹੀਂ ਲਵਾਇਆ ਪਰ ਉਸ ਨੇ ਲੂੰਬੜ ਚਾਲਾਂ ਚੱਲ ਕੇ ਮੋਰਚਾ ਚੁੱਕਵਾ ਜ਼ਰੂਰ ਦਿੱਤਾ। ਇਸ ਦੌਰਾਨ ਬਾਬਾ ਮੋਹਨ ਦਾਸ ਬਰਗਾੜੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਭਾਈ ਬਲਵੰਤ ਸਿੰਘ ਸਿਵੀਆਂ, ਬਾਬਾ ਕੁਲਦੀਪ ਸਿੰਘ ਜੰਡਾਲੀਸਰ, ਬਾਬਾ ਨਿਰੰਜਣ ਸਿੰਘ ਪ੍ਰੇਮੀ ਪੰਥਕ ਪੰਚਾਇਤ, ਭਾਈ ਹਰਜਿੰਦਰ ਸਿੰਘ ਰੋਡੇ ਆਦਿ ਹਾਜ਼ਰ ਸਨ।

rajwinder kaur

This news is Content Editor rajwinder kaur