ਮਾਛੀਵਾੜਾ : ਪਿੰਡ ਦੇ ਜੰਗਲ ''ਚ ''ਬਾਰਾਸਿੰਘਾ ਦਾ ਸ਼ਿਕਾਰ, ਜ਼ਖਮਾਂ ਨਾਲ ਭਰੀ ਲਾਸ਼ ਬਰਾਮਦ

12/26/2019 4:27:49 PM

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਰਾਤ ਥਾਣਾ ਕੂੰਮਕਲਾਂ ਅਧੀਨ ਪੈਂਦੇ ਮੰਡ ਚੌਂਤਾਂ ਦੇ ਜੰਗਲੀ ਖੇਤਰ 'ਚ ਬਾਰਾਸਿੰਘਾ ਦਾ ਸ਼ਿਕਾਰ ਹੋ ਜਾਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੜਾਕੇ ਦੀ ਠੰਢ 'ਚ ਜਦੋਂ ਲੋਕ ਆਪਣੇ ਘਰਾਂ 'ਚ ਸੁੰਘੜ ਕੇ ਬੈਠੇ ਸਨ ਤਾਂ ਮੰਡ ਚੌਂਤਾਂ ਦੇ ਆਸ-ਪਾਸ ਜੰਗਲੀ ਖੇਤਰ 'ਚ ਉਨ੍ਹਾਂ ਨੂੰ ਗੋਲੀ ਚੱਲਣ ਦੀ ਅਵਾਜ਼ ਸੁਣਾਈ ਦਿੱਤੀ। ਪਿੰਡ ਦੇ ਕੁੱਝ ਲੋਕ ਘਰਾਂ 'ਚੋਂ ਬਾਹਰ ਨਿਕਲੇ ਅਤੇ ਜਦੋਂ ਉਨ੍ਹਾਂ ਜੰਗਲੀ ਖੇਤਰ ਦੇ ਨਾਲ ਲੱਗਦੇ ਖੇਤਾਂ 'ਚ ਦੇਖਿਆ ਤਾਂ ਉਥੇ ਬਾਰਾਸਿੰਘਾ ਦੀ ਲਾਸ਼ ਪਈ ਸੀ। ਪਿੰਡ ਵਾਸੀਆਂ ਵਲੋਂ ਤੁਰੰਤ ਜੰਗਲਾਤ ਵਿਭਾਗ ਦੇ ਗਾਰਡ ਅਤੇ ਕੂੰਮਕਲਾਂ ਪੁਲਸ ਨੂੰ ਸੂਚਿਤ ਕੀਤਾ ਗਿਆ, ਜੋ ਮੌਕੇ 'ਤੇ ਪਹੁੰਚ ਗਏ। ਪੁਲਸ ਤੇ ਗਾਰਡ ਨੂੰ ਉਥੇ ਕੋਈ ਇਸ ਬਾਰਾਸਿੰਘਾ ਦੇ ਸ਼ਿਕਾਰ ਸਬੰਧੀ ਸ਼ਿਕਾਰੀ ਜਾਂ ਵਾਹਨ ਨਾ ਮਿਲਿਆ। ਪਿੰਡ ਵਾਸੀਆਂ ਅਨੁਸਾਰ ਸਰਦੀਆਂ ਦੇ ਦਿਨਾਂ 'ਚ ਮੰਡ ਚੌਂਤਾਂ ਦੇ ਜੰਗਲੀ ਖੇਤਰ ਵਿਚ ਹਨ੍ਹੇਰੀ ਰਾਤ 'ਚ ਸ਼ਿਕਾਰੀ ਸ਼ਿਕਾਰ ਕਰਨ ਲਈ ਆਉਂਦੇ ਹਨ ਪਰ ਉਹ ਪੁਲਸ ਤੇ ਜੰਗਲਾਤ ਵਿਭਾਗ ਦੀ ਨਜ਼ਰ ਤੋਂ ਬਚ ਕੇ ਜੰਗਲੀ ਸੂਰਾਂ, ਬਾਰਾਸਿੰਘਾ ਤੇ ਹੋਰ ਜਾਨਵਰਾਂ ਦਾ ਸ਼ਿਕਾਰ ਕਰ ਜਾਂਦੇ ਹਨ ਕਿਉਂਕਿ ਇਸ ਜੰਗਲ 'ਚ ਜਾਨਵਰਾਂ ਦੀ ਕਾਫ਼ੀ ਭਰਮਾਰ ਹੈ। ਫਿਲਹਾਲ ਜੰਗਲਾਤ ਵਿਭਾਗ ਵਲੋਂ ਬਾਰਾਸਿੰਘਾ ਦੀ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਕੂੰਮਕਲਾਂ ਪੁਲਸ ਨੂੰ ਵੀ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ।
ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗੀ ਸੱਚਾਈ
ਜੰਗਲਾਤ ਵਿਭਾਗ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਮੰਡ ਚੌਂਤਾਂ ਵਿਖੇ ਤਾਇਨਾਤ ਗਾਰਡ ਨਗੀਨ ਨੇ ਸੂਚਨਾ ਦਿੱਤੀ ਕਿ ਇੱਕ ਬਾਰਾਸਿੰਘਾ ਦੀ ਲਾਸ਼ ਮਿਲੀ ਹੈ ਜਿਸ ਕਾਰਨ ਉਹ ਤੁਰੰਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਹਿਰਨ ਦੇ ਸਰੀਰ 'ਤੇ ਜਖ਼ਮ ਦੇ ਨਿਸ਼ਾਨ ਜ਼ਰੂਰ ਹਨ ਪਰ ਇਹ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬਾਰਾਸਿੰਘਾ ਦੀ ਮੌਤ ਗੋਲੀ ਲੱਗਣ ਨਾਲ ਹੋਈ ਜਾਂ ਉਸ ਨੂੰ ਕਿਸੇ ਹੋਰ ਢੰਗ ਨਾਲ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਮੱਤੇਵਾੜਾ ਤੇ ਮੰਡ ਚੌਂਤਾਂ ਦੇ ਜੰਗਲੀ ਖੇਤਰ ਵਿਚ ਸ਼ਿਕਾਰ 'ਤੇ ਬਿਲਕੁਲ ਪਾਬੰਦੀ ਹੈ ਅਤੇ ਜੇਕਰ ਇਸ ਬਾਰਾਸਿੰਘਾ ਦੇ ਸ਼ਿਕਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਵਿਭਾਗ ਸਖ਼ਤ ਕਾਰਵਾਈ ਕਰਵਾਏਗਾ।
ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਥਾਣਾ ਕੂੰਮਕਲਾਂ 'ਚ ਤਾਇਨਾਤ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਰਘਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਸਮੇਂ ਹੀ ਮੌਕੇ 'ਤੇ ਪੁਹੰਚ ਗਏ ਸਨ ਅਤੇ ਬਾਰਾਸਿੰਘਾ ਦੀ ਲਾਸ਼ ਖੇਤਾਂ ਵਿਚ ਹੀ ਪਈ ਸੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਜਾਇਜ਼ਾ ਲੈਣ ਦੌਰਾਨ ਇਹ ਜਰੂਰ ਲੱਗਦਾ ਹੈ ਕਿ ਬਾਰਾਸਿੰਘਾ ਦਾ ਸ਼ਿਕਾਰ ਹੋਇਆ ਪਰ ਉਸ ਦੀ ਮੌਤ ਗੋਲੀ ਨਾਲ ਹੋਈ ਜਾਂ ਕਿਸੇ ਹੋਰ ਤੇਜ਼ਧਾਰ ਹਥਿਆਰ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਵਲੋਂ ਬਾਰਾਸਿੰਘਾ ਦਾ ਸ਼ਿਕਾਰ ਕਰਨ ਦੇ ਕਥਿਤ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।  
ਸ਼ਿਕਾਰੀ ਬਾਰਾਸਿੰਘਾ ਦੇ ਸਰੀਰ ਦਾ ਕੁੱਝ ਹਿੱਸਾ ਵੀ ਕੱਟ ਕੇ ਲੈ ਗਏ
ਪੁਲਸ ਅਨੁਸਾਰ ਜਦੋਂ ਉਨ੍ਹਾਂ ਮੰਡ ਚੌਂਤਾ ਦੇ ਜੰਗਲਾਂ ਨੇੜ੍ਹੇ ਬਾਰਸਿੰਘਾ ਦੀ ਲਾਸ਼ ਦੇਖੀ ਤਾਂ ਉਸਦੇ ਸਰੀਰ ਦਾ ਕੁੱਝ ਹਿੱਸਾ ਕੱਟਿਆ ਹੋਇਆ ਸੀ। ਸ਼ਿਕਾਰੀਆਂ ਵਲੋਂ ਇਸ ਦਾ ਸ਼ਿਕਾਰ ਕਰਨ ਤੋਂ ਬਾਅਦ ਉਸ ਦੀ ਲੱਤ ਕੱਟੀ ਹੋਈ ਸੀ ਪਰ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਜਦੋਂ ਸ਼ਿਕਾਰ ਦਾ ਰੌਲਾ ਪੈ ਗਿਆ ਤਾਂ ਉਹ ਉਸ ਨੂੰ ਮੌਕੇ 'ਤੇ ਛੱਡ ਕੇ ਹੀ ਫ਼ਰਾਰ ਹੋ ਗਏ।

Babita

This news is Content Editor Babita